ਧੁਲੇ— ਮਹਾਰਾਸ਼ਟਰ ਦੇ ਧੁਲੇ 'ਚ ਐਤਵਾਰ ਦੇਰ ਰਾਤ ਇਕ ਦਰਦਨਾਕ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਮਹਾਰਾਸ਼ਟਰ ਟਰਾਂਸਪੋਰਟ ਸੇਵਾ ਬੱਸ ਅਤੇ ਕੰਟੇਨਰ ਦਰਮਿਆਨ ਹੋਈ ਟੱਕਰ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਧੁਲੇ ਤੋਂ ਔਰੰਗਾਬਾਦ ਵੱਲ ਜਾ ਰਹੀ ਸੀ ਅਤੇ ਕੰਟੇਨਰ ਉਲਟ ਦਿਸ਼ਾ ਤੋਂ ਆ ਰਿਹਾ ਸੀ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ, ਜਦੋਂ ਕਿ ਜ਼ਖਮੀਆਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਇਹ ਹਾਦਸਾ ਸ਼ਹਾਦਾ-ਡੋਂਡਾਈਚਾ ਰੋਡ 'ਤੇ ਨਿਮਗੁਲ ਪਿੰਡ ਕੋਲ ਐਤਵਾਰ ਦੇਰ ਰਾਤ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਤੇਜ਼ ਰਫ਼ਤਾਰ ਨਾਲ ਔਰੰਗਾਬਾਦ ਵੱਲ ਜਾ ਰਹੀ ਸੀ। ਅਚਾਨਕ ਬੱਸ ਅਤੇ ਕੰਟੇਨਰ ਆਹਮਣੇ-ਸਾਹਮਣੇ ਆ ਗਏ।
ਬੱਸ ਦੇ ਉੱਡੇ ਪਰਖੱਚੇ
ਟੱਕਰ ਇੰਨੀ ਤੇਜ਼ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਸੌਂ ਰਹੇ ਯਾਤਰੀਆਂ 'ਚ ਹੜਕੰਪ ਮਚ ਗਿਆ। ਕਈ ਯਾਤਰੀਆਂ ਨੂੰ ਕੁਝ ਸਮਝ ਨਹੀਂ ਆਇਆ। ਚੀਕ-ਪੁਕਾ ਦੂਰ-ਦੂਰ ਤੱਕ ਫੈਲ ਗਈ। ਹਾਦਸੇ ਵਾਲੀ ਜਗ੍ਹਾ 'ਤੇ ਭੱਜ-ਦੌੜ ਮਚ ਗਈ। ਹਾਈਵੇਅ ਤੋਂ ਲੰਘ ਰਹੇ ਰਾਹਗੀਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਕੰਮ 'ਚ ਹੱਥ ਵੰਡਾਇਆ।
ਦੋਹਾਂ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕੰਟੇਨਰ ਅਤੇ ਬੱਸ ਦੋਹਾਂ ਦੇ ਹੀ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਮਰਨ ਵਾਲਿਆਂ 'ਚ ਹੋਰ ਯਾਤਰੀ ਹਨ। ਕਈ ਯਾਤਰਾ ਬੱਸ 'ਚ ਦੱਬ ਗਏ ਤਾਂ ਉਨ੍ਹਾਂ ਨੂੰ ਕੱਢਣ ਲਈ ਪੁਲਸ ਨੂੰ ਕਾਫੀ ਮਿਹਨਤ ਕਰਨੀ ਪਈ। ਹਨ੍ਹੇਰਾ ਹੋਣ ਕਾਰਨ ਰਾਹਤ ਕੰਮ 'ਚ ਪਰੇਸ਼ਾਨੀ ਵੀ ਆਈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਾਇਰ ਸੈਂਟਰ 'ਚ ਇਲਾਜ ਲਈ ਭੇਜਿਆ ਗਿਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਹਿਮਾਚਲ ਪ੍ਰਦੇਸ਼ : ਸ਼ਿਮਲਾ 'ਚ ਡੁੱਬਿਆ ਪੁਲ, ਕਈ ਪਿੰਡ ਨਾਲੋਂ ਟੁੱਟਿਆ ਸੰਪਰਕ
NEXT STORY