ਰਾਇਸੇਨ/ਭੋਪਾਲ : ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ 'ਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਬਰੇਲੀ–ਪਿਪਰੀਆ ਰੋਡ 'ਤੇ ਸਥਿਤ ਲਗਭਗ 35 ਸਾਲ ਪੁਰਾਣਾ ਨਯਾਗਾਓਂ ਪੁਲ ਅਚਾਨਕ ਡਿੱਗ (collapse) ਗਿਆ। ਇਹ ਹਾਦਸਾ ਸੋਮਵਾਰ ਸਵੇਰੇ ਲਗਭਗ 11:15 ਵਜੇ ਵਾਪਰਿਆ, ਜਦੋਂ ਪੁਲ 'ਤੇ ਆਵਾਜਾਈ ਜਾਰੀ ਸੀ। ਪੁਲ ਡਿੱਗਣ ਕਾਰਨ ਇਸ ਦੇ ਉੱਪਰੋਂ ਲੰਘ ਰਹੇ ਵਾਹਨ ਹੇਠਾਂ ਡਿੱਗ ਗਏ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ।
ਪੁਲਸ ਅਨੁਸਾਰ, ਹਾਦਸੇ ਦੇ ਸਮੇਂ ਦੋ ਮੋਟਰਸਾਈਕਲਾਂ ਪੁਲ ਤੋਂ ਲੰਘ ਰਹੀਆਂ ਸਨ, ਜੋ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਈਆਂ। ਇੱਕ ਬਾਈਕ ਸਿਹੋਰ ਜ਼ਿਲ੍ਹੇ ਦੇ ਵਿਅਕਤੀ ਦੀ ਸੀ, ਜਦੋਂ ਕਿ ਦੂਜੀ ਬਰੇਲੀ ਨਿਵਾਸੀ ਚਲਾ ਰਿਹਾ ਸੀ। ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰੇਲੀ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੁਰੰਮਤ ਕਰ ਰਹੇ ਮਜ਼ਦੂਰ ਵੀ ਹੋਏ ਜ਼ਖਮੀ
ਜਾਣਕਾਰੀ ਮੁਤਾਬਕ, ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਪੁਲ ਦੇ ਹੇਠਾਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪੁਲ ਨੂੰ ਅਚਾਨਕ ਡਿੱਗਦਾ ਦੇਖ ਕੇ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਕੁਝ ਮਜ਼ਦੂਰ ਜ਼ਖਮੀ ਹੋ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਵੱਡੇ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ।
ਪ੍ਰਸ਼ਾਸਨ ਨੇ ਸੰਭਾਲਿਆ ਮੋਰਚਾ
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਕਲੈਕਟਰ ਅਰੁਣ ਵਿਸ਼ਵਕਰਮਾ ਅਤੇ ਐੱਸ.ਪੀ. ਆਸ਼ੂਤੋਸ਼ ਗੁਪਤਾ ਬਰੇਲੀ ਐੱਸਡੀਐੱਮ ਅਤੇ ਤਹਿਸੀਲਦਾਰ ਸਮੇਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰਵਾਇਆ। ਕਲੈਕਟਰ ਅਰੁਣ ਕੁਮਾਰ ਵਿਸ਼ਵਕਰਮਾ ਨੇ ਸਰਕਾਰੀ ਹਸਪਤਾਲ ਬਰੇਲੀ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰੀ ਕਰਮਚਾਰੀਆਂ ਨੂੰ ਤੁਰੰਤ ਅਤੇ ਉੱਚ ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਸੰਵੇਦਨਸ਼ੀਲਤਾ ਨਾਲ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਪੂਰੀ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੁਲ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਭਲਕੇ ਬੰਦ ਰਹਿਣਗੇ ਸਕੂਲ! ਪੁਣੇ 'ਚ ਚੋਣਾਂ ਕਾਰਨ ਲਿਆ ਫੈਸਲਾ
NEXT STORY