ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਮਨੀਕਰਨ 'ਚ ਸੈਲਾਨੀਆਂ ਦੀ ਗੁੰਡਾਗਰਦੀ ਦੇ ਮਾਮਲੇ 'ਚ ਹਾਈਕੋਰਟ ਦੇ ਨੋਟਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਸ ਵੀ ਜਾਗ ਪਈ ਹੈ। ਹਿਮਾਚਲ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਕੇਂਦਰੀ ਰੇਂਜ ਦੇ ਡੀ.ਆਈ.ਜੀ. ਮਧੂਸੂਦਨ ਕਰਨਗੇ। ਕੁੱਲੂ ਦੀ ਪੁਲਸ ਸੁਪਰਡੈਂਟ ਸਾਕਸ਼ੀ ਵਰਮਾ ਅਤੇ ਇੰਡੀਅਨ ਰਿਜ਼ਰਵ ਬਟਾਲੀਅਨ ਪੰਡੋਹ ਦੇ ਕਮਾਂਡੈਂਟ ਭਗਤ ਸਿੰਘ ਠਾਕੁਰ ਨੂੰ ਇਸ SIT ਵਿਚ ਸ਼ਾਮਲ ਕੀਤਾ ਗਿਆ ਹੈ। ਐੱਸ.ਆਈ.ਟੀ. ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗਠਿਤ ਐੱਸ.ਆਈ.ਟੀ. ਨੂੰ ਸਮੇਂ-ਸਮੇਂ 'ਤੇ ਪੁਲਸ ਡਾਇਰੈਕਟਰ ਜਨਰਲ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਐੱਸ.ਆਈ.ਟੀ. ਨੂੰ ਜਲਦੀ ਤੋਂ ਜਲਦੀ ਮਾਮਲੇ ਦੀ ਜਾਂਚ ਸ਼ੁਰੂ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮਨੀਕਰਨ ਸਾਹਿਬ 'ਚ ਭੰਨ-ਤੋੜ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਤੇ ਹਿਮਾਚਲ ਦੇ DGP ਨੇ ਟਵੀਟ ਕਰ ਕਹੀ ਇਹ ਗੱਲ
ਜ਼ਿਕਰਯੋਗ ਹੈ ਕਿ ਮਨੀਕਰਨ 'ਚ ਸੈਲਾਨੀਆਂ ਵਿਸ਼ੇਸ਼ ਕਰ ਕੇ ਪੰਜਾਬੀ ਸੈਲਾਨੀਆਂ ਨੇ 5 ਮਾਰਚ ਦੀ ਰਾਤ ਨੂੰ ਇਲਾਕੇ 'ਚ ਹੰਗਾਮਾ ਕੀਤਾ ਸੀ ਅਤੇ ਸਥਾਨਕ ਲੋਕਾਂ ਨਾਲ ਹੱਥੋਪਾਈ ਕੀਤੀ ਸੀ। ਸੈਲਾਨੀਆਂ ਨੇ ਇਲਾਕੇ ਦੇ ਲੋਕਾਂ ਦੇ ਘਰਾਂ ਅਤੇ ਵਾਹਨਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਨੋਟਿਸ ਲੈਂਦਿਆਂ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਤੋਂ ਜਵਾਬ ਤਲਬ ਕੀਤਾ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਸ ਨੇ ਇਸ ਮਾਮਲੇ ਵਿੱਚ ਐੱਸ.ਆਈ.ਟੀ. ਦਾ ਗਠਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਸਾਹਮਣੇ ਜਵਾਬ ਦੇਣ ਲਈ ਪੁਲਸ ਵਲੋਂ ਮਾਮਲੇ 'ਚ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਕੁੱਲੂ ਦੇ ਮਨੀਕਰਨ 'ਚ ਹੋਏ ਹੰਗਾਮੇ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਆਪਸ 'ਚ ਭਰਾ ਹਨ। ਮਾਮਲੇ ਨੂੰ ਰਾਜਨੀਤਕ ਅਤੇ ਧਾਰਮਿਕ ਰੰਗ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦਾ ਸੁਆਗਤ ਹੈ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਦੀ ਆਮ ਜਨਤਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਸੁਭਾਅ ਦੇ ਅਨੁਰੂਪ ਕਿਸੇ ਸਖ਼ਤ ਬਿਆਨ ਦੀ ਉਮੀਦ ਕਰ ਰਹੀ ਸੀ ਪਰ ਅਜਿਹਾ ਨਹੀਂ ਹੋਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੇਬ ਦੀ ਸਪਲਾਈ ਘਟੀ, ਸਟੋਰ ਕੀਤੇ ਸੇਬਾਂ ਨੇ ਕੀਤਾ ਮਾਲਾ-ਮਾਲ
NEXT STORY