ਇੰਫਾਲ/ਕੋਲਕਾਤਾ, (ਭਾਸ਼ਾ)- ਮਣੀਪੁਰ ਦੇ ਇੰਫਾਲ ਸ਼ਹਿਰ ਵਿੱਚ ਸ਼ਨੀਵਾਰ ਸੁਰੱਖਿਆ ਫੋਰਸਾਂ ਅਤੇ ਭੀੜ ਵਿਚਾਲੇ ਹੋਈਆਂ ਝੜਪਾਂ ਵਿੱਚ 2 ਨਾਗਰਿਕ ਜ਼ਖ਼ਮੀ ਹੋ ਗਏ। ਪ੍ਰਦੇਸ਼ ਭਾਜਪਾ ਦੇ ਦਫਤਰ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਅੱਗ ਲਾ ਦਿੱਤੀ। ਉਨ੍ਹਾਂ ਦਫ਼ਤਰ ਅੰਦਰ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਇਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਬਦਮਾਸ਼ਾਂ ਨੇ ਭਾਜਪਾ ਦਫਤਰ ਤੋਂ ਪਾਰਟੀ ਦਾ ਝੰਡਾ ਲਾਹ ਕੇ ਸੁੱਟ ਦਿੱਤਾ।
ਇੰਫਾਲ ’ਚ ਵੀ ਭੀੜ ਨੇ ਭਾਜਪਾ ਨੇਤਾਵਾਂ ਦੇ ਘਰ ਸਾੜਨ ਦੀ ਕੋਸ਼ਿਸ਼ ਕੀਤੀ। ਵੱਖ-ਵੱਖ ਘਟਨਾਵਾਂ ’ਚ ਬਿਸ਼ਨੂਪੁਰ ਜ਼ਿਲੇ ਦੇ ਕਵਾਕਟਾ ਅਤੇ ਚੂਰਾਚੰਦਪੁਰ ਜ਼ਿਲੇ ਦੇ ਕੰਗਵਾਈ ’ਚ ਸਾਰੀ ਰਾਤ ਗੋਲੀਬਾਰੀ ਹੁੰਦੀ ਰਹੀ। ਇੰਫਾਲ ਪੱਛਮੀ ਦੇ ਇੱਕ ਪੁਲਸ ਸਟੇਸ਼ਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕੋਈ ਹਥਿਆਰ ਖੋਹਿਆ ਨਹੀਂ ਗਿਆ। ਅਧਿਕਾਰੀਆਂ ਮੁਤਾਬਕ ਫੌਜ, ਆਸਾਮ ਰਾਈਫਲਜ਼ ਅਤੇ ਮਣੀਪੁਰ ਰੈਪਿਡ ਐਕਸ਼ਨ ਫੋਰਸ (ਆਰ. ਏ.ਐੱਫ.) ਨੇ ਦੰਗਾਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਇੰਫਾਲ ਵਿੱਚ ਅੱਧੀ ਰਾਤ ਤੱਕ ਇੱਕ ਸਾਂਝਾ ਮਾਰਚ ਕੀਤਾ।
ਲਗਭਗ 1,000 ਲੋਕਾਂ ਦੀ ਭੀੜ ਨੇ ਮਹਿਲ ਕੰਪਲੈਕਸ ਨੇੜੇ ਸਥਿਤ ਇਮਾਰਤਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਆਰ. ਏ. ਐੱਫ. ਤੇ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ।
ਇੰਫਾਲ ’ਚ ਵੀ ਭੀੜ ਨੇ ਵਿਧਾਇਕ ਵਿਸ਼ਵਜੀਤ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਆਰ. ਏ. ਐੱਫ. ਦੇ ਜਵਾਨਾਂ ਨੇ ਭੀੜ ਨੂੰ ਖਿੰਡਾ ਦਿੱਤਾ। ਇਸੇ ਤਰ੍ਹਾਂ ਇੱਕ ਭੀੜ ਨੇ ਅੱਧੀ ਰਾਤ ਵੇਲੇ ਪੋਰਮਪੇਟ ਨੇੜੇ ਭਾਜਪਾ (ਮਹਿਲਾ ਵਿੰਗ) ਦੀ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਨੌਜਵਾਨਾਂ ਨੂੰ ਭਜਾ ਦਿੱਤਾ।
ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਦੇ ਕੌਮੀ ਮੀਤ ਪ੍ਰਧਾਨ ਵਾਈ. ਜੈਕੁਮਾਰ ਸਿੰਘ ਨੇ ਕਿਹਾ ਕਿ ਜੇ ਆਉਣ ਵਾਲੇ ਦਿਨਾਂ ’ਚ ਮਣੀਪੁਰ ’ਚ ਹਾਲਾਤ ਨਾ ਸੁਧਰੇ ਤਾਂ ਅਸੀਂ ਭਾਜਪਾ ਨਾਲ ਗਠਜੋੜ ਖਤਮ ਕਰਨ ’ਤੇ ਵਿਚਾਰ ਕਰਾਂਗੇ। ਅਸੀਂ ਖਾਮੋਸ਼ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ। ਹਿੰਸਾ ਕਾਰਨ ਹੁਣ ਤਕ 100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।
ਇੱਕ ਮਹੀਨਾ ਪਹਿਲਾਂ ਮੀਤਾਈ ਅਤੇ ਕੂਕੀ ਆਦਿਵਾਸੀਆਂ ਵਿਚਾਲੇ ਹੋਏ ਵਿਵਾਦ ਨੇ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਸਾਰੇ ਪ੍ਰਬੰਧਾਂ ਦੇ ਬਾਵਜੂਦ ਸਰਕਾਰਾਂ ਹਿੰਸਾ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਹਨ।
10 ਪ੍ਰਮੁੱਖ ਵਿਰੋਧੀ ਨੇਤਾਵਾਂ ਨੇ ਮੋਦੀ ਨੂੰ ਮਿਲਣ ਦੀ ਕੀਤੀ ਬੇਨਤੀ
ਮਣੀਪੁਰ ਵਿੱਚ 10 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਵਿੱਚ ਚੱਲ ਰਹੀ ਹਿੰਸਾ ਤੋਂ ਜਾਣੂ ਕਰਵਾਉਣ ਲਈ ਮਿਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਾਂ ਦੇਣਗੇ।
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸ਼ਨੀਵਾਰ ਕਾਂਗਰਸ ਹੈੱਡਕੁਆਰਟਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ 10 ਜੂਨ ਤੋਂ ਮੋਦੀ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ।
'2025 ਤਕ ਟੀਬੀ ਮੁਕਤ ਹੋ ਜਾਵੇ ਭਾਰਤ, ਇਸ ਦਿਸ਼ਾ 'ਚ ਕਰ ਰਹੇ ਹਾਂ ਕੰਮ.. 'ਮਨ ਕੀ ਬਾਤ' 'ਚ ਬੋਲੇ-PM ਮੋਦੀ
NEXT STORY