ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਵਿਰੁੱਧ ਮਹਾਦੋਸ਼ ਦਾ ਮਤਾ ਲਿਆਂਦੇ ਜਾਣ ਦੀ ਮੁਹਿੰਮ ਨੂੰ ਮਨਜ਼ੂਰ ਨਹੀਂ ਕੀਤਾ। ਇਹ ਮਤਾ ਰਾਜ ਸਭਾ ਵਿਚ ਲਿਆਂਦਾ ਜਾਣਾ ਸੀ। ਮਨਮੋਹਨ ਸਿੰਘ ਨੇ ਇਕ ਮੌਜੂਦਾ ਚੀਫ ਜਸਟਿਸ ਵਿਰੁੱਧ ਮਹਾਦੋਸ਼ ਦਾ ਮਤਾ ਲਿਆਂਦੇ ਜਾਣ ਦੀ ਇਹ ਕਹਿ ਕੇ ਵਿਰੋਧਤਾ ਕੀਤੀ ਸੀ ਕਿ ਮਤਾ ਨਾ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਨਾ ਹੀ ਢੁੱਕਵਾਂ ਹੈ। ਕਾਂਗਰਸ ਪਾਰਟੀ ਨੇ ਮਾਰਕਸੀ ਪਾਰਟੀ ਦੇ ਸੀਤਾਰਾਮ ਯੇਚੁਰੀ ਅਤੇ ਸੀ. ਪੀ. ਆਈ. ਦੇ ਡੀ. ਰਾਜਾ ਸਮੇਤ ਹੋਰਨਾਂ ਆਗੂਆਂ ਦੀ ਨਿਆਂ ਪਾਲਿਕਾ ਨੂੰ ਬਚਾਉਣ ਸਬੰਧੀ ਕੀਤੀ ਜਾ ਰਹੀ ਹਮਾਇਤ ਦੇ ਹੱਕ 'ਚ ਸਹਿਯੋਗ ਮੰਗਿਆ ਸੀ।
ਇਸ ਮਤੇ ਨੂੰ ਪਿਛਲੇ ਸੋਮਵਾਰ ਰਾਜ ਸਭਾ 'ਚ ਪੇਸ਼ ਕੀਤਾ ਜਾਣਾ ਸੀ। ਅਚਾਨਕ ਹੀ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਹ ਉਦੋਂ ਹੋਇਆ, ਜਦੋਂ ਇਕ ਆਗੂ ਮਨਮੋਹਨ ਸਿੰਘ ਕੋਲੋਂ ਹਸਤਾਖਰ ਕਰਵਾਉਣ ਲਈ ਗਿਆ ਪਰ ਉਨ੍ਹਾਂ ਹਸਤਾਖਰ ਕਰਨ ਤੋਂ ਨਾਂਹ ਕਰ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੋ ਬਹੁਤ ਘੱਟ ਬੋਲਦੇ ਹਨ, ਨੇ ਹਸਤਾਖਰ ਕਰਵਾਉਣ ਆਏ ਆਗੂ ਨੂੰ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਹੈ। ਇਸ ਨਾਲ ਨਾ ਤਾਂ ਕਾਂਗਰਸ ਦੀ ਕੋਈ ਮਦਦ ਹੋਣੀ ਹੈ, ਨਾ ਵਿਰੋਧੀ ਧਿਰ ਅਤੇ ਨਾ ਹੀ ਦੇਸ਼ ਦੀ। ਜਿਵੇਂ ਹੀ ਡਾ. ਮਨਮੋਹਨ ਸਿੰਘ ਦੇ ਵਿਚਾਰਾਂ ਦਾ ਪਤਾ ਕਾਂਗਰਸੀ ਆਗੂਆਂ ਨੂੰ ਲੱਗਾ ਤਾਂ ਉਥੇ ਖਾਮੋਸ਼ੀ ਛਾ ਗਈ। ਭਾਵੇਂ ਮਨਮੋਹਨ ਸਿੰਘ ਕੋਲ ਇਸ ਸਮੇਂ ਕਾਂਗਰਸ ਪਾਰਟੀ 'ਚ ਕੋਈ ਅਹੁਦਾ ਨਹੀਂ ਹੈ ਪਰ ਉਨ੍ਹਾਂ ਦਾ ਇਨਕਾਰ ਪਾਰਟੀ ਲਈ ਇਸ ਸਬੰਧੀ ਮੁੜ ਤੋਂ ਸੋਚਣ ਲਈ ਕਾਫੀ ਹੈ। ਪੀ. ਚਿਦਾਂਬਰਮ ਅਤੇ ਡਾ. ਅਭਿਸ਼ੇਕ ਮਨੂੰ ਸਿੰਘਵੀ ਦੇ ਨਾਲ ਹੀ ਕਈ ਹੋਰ ਆਗੂ ਵੀ ਇਸ ਮਤੇ ਦੇ ਵਿਰੁੱਧ ਸਨ ਅਤੇ ਉਨ੍ਹਾਂ ਇਸ 'ਤੇ ਹਸਤਾਖਰ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮੁਹਿੰਮ ਦੀ ਕਾਂਗਰਸ ਪਾਰਟੀ ਵਲੋਂ ਅਗਵਾਈ ਸੀਨੀਅਰ ਆਗੂ ਕਪਿਲ ਸਿੱਬਲ ਕਰ ਰਹੇ ਸਨ। ਜਦੋਂ ਇਸ ਮੱਦੇ ਵਿਰੁੱਧ ਆਵਾਜ਼ਾਂ ਬੁਲੰਦ ਹੋ ਗਈਆਂ ਤਾਂ ਮਤੇ ਨੂੰ ਲਿਆਉਣ ਵਾਲਿਆਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ।
ਆਰ. ਐੱਸ. ਐੱਸ. ਤੇ ਮੋਦੀ ਵਿਚਾਲੇ ਕਿਹੜੀ ਪਕ ਰਹੀ ਹੈ ਖਿਚੜੀ!
NEXT STORY