ਨਵੀਂ ਦਿੱਲੀ (ਭਾਸ਼ਾ)— ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਲੱਦਾਖ ਵਿਚ ਚੀਨੀ ਫ਼ੌਜ ਨਾਲ ਹਿੰਸਕ ਝੜਪ ਵਿਚ ਸ਼ਹੀਦ ਜਵਾਨ ਸੁਨੀਲ ਕੁਮਾਰ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਕਰਨ ਦੀ ਪੇਸ਼ਕਸ਼ ਕੀਤੀ ਹੈ। ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਤਿਵਾੜੀ ਨੇ ਕੁਮਾਰ ਦੇ ਪਰਿਵਾਰ ਨੂੰ ਤੁਰੰਤ ਮਦਦ ਦੇ ਰੂਪ 'ਚ 1 ਲੱਖ ਰੁਪਏ ਦੀ ਮਦਦ ਦਿੱਤੀ ਹੈ।
ਤਿਵਾੜੀ ਨੇ ਕਿਹਾ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਜਵਾਨ ਪ੍ਰਤੀ ਇਹ ਛੋਟੀ ਜਿਹੀ ਸ਼ਰਧਾਂਜਲੀ ਹੈ। ਮੈਂ ਇਹ ਯਕੀਨੀ ਕਰਾਂਗਾ ਕਿ ਤਿੰਨੋਂ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ। ਉਨ੍ਹਾਂ ਉਮੀਦ ਜਤਾਈ ਕਿ ਇਸ ਕਦਮ ਨਾਲ ਚੀਨ ਨਾਲ ਝੜਪ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦੀ ਦੇਖਭਾਲ ਲਈ ਹੋਰ ਲੋਕ ਵੀ ਪ੍ਰੇਰਿਤ ਹੋਣਗੇ। ਦੱਸ ਦੇਈਏ ਕਿ ਉੱਤਰੀ-ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਤਿਵਾੜੀ ਕੁਮਾਰ ਦੇ ਪਰਿਵਾਰ ਨੂੰ ਮਿਲਣ ਲਈ 22 ਜੂਨ ਨੂੰ ਬਿਹਾਰ ਜਾਣਗੇ।
ਤਿਵਾੜੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਉਦੋਂ ਚੁੱਕਣ ਦਾ ਫੈਸਲਾ ਕੀਤਾ, ਜਦੋਂ ਪਤਾ ਲੱਗਾ ਕਿ ਕੁਮਾਰ ਆਪਣੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਦਿਵਾਉਣਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਸੁਨੀਲ ਕੁਮਾਰ ਭਾਰਤੀ ਫ਼ੌਜ ਦੇ ਉਨ੍ਹਾਂ 20 ਜਵਾਨਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ 'ਚ ਸ਼ਹਾਦਤ ਦਿੱਤੀ ਸੀ। ਵੀਰਵਾਰ ਨੂੰ ਪਟਨਾ ਵਿਚ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਹਿਮਾਚਲ ਪ੍ਰਦੇਸ਼ : ਸ਼ਹੀਦ ਫੌਜੀ ਅੰਕੁਸ਼ ਠਾਕੁਰ ਦੇ ਨਾਂ 'ਤੇ ਰੱਖਿਆ ਜਾਵੇਗਾ ਸਰਕਾਰੀ ਸਕੂਲ ਦਾ ਨਾਮ
NEXT STORY