ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਮਸ਼ਹੂਰ ਚਾਂਦਨੀ ਚੌਕ ਇਲਾਕੇ ਦੇ ਕੂਚਾ ਰਹਿਮਾਨ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਜਿੱਥੇ ਅੱਗ ਲੱਗੀ ਉੱਥੇ ਹੇਠਾਂ ਦੁਕਾਨਾਂ ਹਨ ਅਤੇ ਉਪਰ ਰਿਹਾਇਸ਼ੀ ਮਕਾਨ ਬਣੇ ਹੋਏ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅੱਗ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਅੱਗ ਬੁਝਾਊ ਵਿਭਾਗ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕਾਰਵਾਈ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਅੱਗ ਕਾਰਨ ਵੱਡੇ ਮਾਲੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਇੱਕ ਹੀ ਦਿਨ 'ਚ ਅੱਗ ਲੱਗਣ ਦੀ ਇਹ ਚੌਥੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਜਧਾਨੀ ਵਿੱਚ ਅੱਗ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸਦਾ ਭਰਾ ਗੰਭੀਰ ਤੌਰ ’ਤੇ ਝੁਲਸ ਗਿਆ ਸੀ।
ਅਧਿਕਾਰੀਆਂ ਅਨੁਸਾਰ, ਪਹਿਲੀ ਘਟਨਾ ਸਵੇਰੇ ਉੱਤਰੀ-ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਵਾਪਰੀ, ਜਿੱਥੇ ਚਾਰ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ 20 ਸਾਲਾ ਜੁਨੈਦ ਦੀ ਮੌਤ ਹੋ ਗਈ, ਜਦਕਿ ਉਸਦਾ ਵੱਡਾ ਭਰਾ 23 ਸਾਲਾ ਸਮੀਰ ਗੰਭੀਰ ਤੌਰ ’ਤੇ ਝੁਲਸ ਗਿਆ।
ਦੂਜੀ ਘਟਨਾ ਸਵੇਰੇ 10:32 ਵਜੇ ਦੱਖਣੀ ਦਿੱਲੀ ਦੇ ਮੁਨੀਰਕਾ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ ਘਰ ਵਿੱਚ ਲੱਗੇ ਬਿਜਲੀ ਦੇ ਅੱਠ ਮੀਟਰਾਂ ਨੂੰ ਅੱਗ ਲੱਗ ਗਈ। ਅੱਗ ਬੁਝਾਊ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਕਰੀਬ 10 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾ ਲਿਆ।
ਤੀਜੀ ਘਟਨਾ ਸਵੇਰੇ 10:57 ਵਜੇ ਦੱਖਣ-ਪੱਛਮੀ ਦਿੱਲੀ ਦੇ ਬਿੰਦਾਪੁਰ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਵਿੱਚ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮੇਂ ਸਿਰ ਕਾਰਵਾਈ ਕਾਰਨ ਅੱਗ ਨੂੰ ਫੈਲਣ ਤੋਂ ਰੋਕ ਲਿਆ ਗਿਆ ਅਤੇ ਇਸ ਘਟਨਾ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
H-1B Visa: ਇੰਟਰਵਿਊ ਰੱਦ ਹੋਣ 'ਤੇ ਭਾਰਤ ਨੇ ਅਮਰੀਕਾ ਅੱਗੇ ਜਤਾਈ ਚਿੰਤਾ, ਮਈ 2026 ਤੱਕ ਟਲੀਆਂ ਅਪੁਆਇੰਟਮੈਂਟਾਂ
NEXT STORY