ਚੰਡੀਗੜ੍ਹ (ਬਾਂਸਲ, ਪਾਂਡੇ)–ਹਰਿਆਣਾ ਦੀ ਭਾਜਪਾ-ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਗਠਜੋੜ ਸਰਕਾਰ ਦੇ ਪਹਿਲੇ ਮੰਤਰੀ ਮੰਡਲ 'ਚ 10 ਮੰਤਰੀਆਂ ਨੂੰ ਵੀਰਵਾਰ ਸਹੁੰ ਚੁਕਾਈ ਗਈ। ਇਨ੍ਹਾਂ 'ਚ 6 ਕੈਬਨਿਟ ਤੇ 4 ਰਾਜ ਮੰਤਰੀ (ਆਜ਼ਾਦ ਵਿਭਾਗ) ਬਣਾਏ ਗਏ ਹਨ। ਜੇ.ਜੇ.ਪੀ. ਅਤੇ ਆਜ਼ਾਦ ਵਿਧਾਇਕਾਂ ਦੇ ਕੋਟੇ 'ਚੋਂ ਇਕ-ਇਕ ਮੰਤਰੀ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਹੈ। ਰਾਜ ਭਵਨ 'ਚ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਕਤ ਮੰਤਰੀਆਂ ਦੇ ਸਹੁੰ ਚੁੱਕਣ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਮੇਤ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ 12 ਹੋ ਗਈ ਹੈ। ਜਜਪਾ ਕੋਟੇ ਦੇ 2 ਮੰਤਰੀਆਂ ਲਈ ਥਾਂ ਅਜੇ ਖਾਲੀ ਰੱਖੀ ਗਈ ਹੈ। ਵਿੱਜ ਅਤੇ ਬਨਵਾਰੀ ਲਾਲ ਦੂਜੀ ਵਾਰ ਮੰਤਰੀ ਬਣੇ ਹਨ।
ਖੱਟੜ ਨੇ 6ਵੀਂ ਵਾਰ ਵਿਧਾਇਕ ਬਣੇ ਅਨਿਲ ਵਿੱਜ ਨੂੰ ਗ੍ਰਹਿ ਵਿਭਾਗ ਦੀ ਕਮਾਂਡ ਦੇ ਕੇ ਪਾਵਰਫੁੱਲ ਬਣਾਉਣ ਦਾ ਯਤਨ ਕੀਤਾ ਹੈ। ਅੰਦਰਖਾਤੇ ਵਿੱਜ ਨੂੰ ਇਹ ਰੰਜ ਸੀ ਕਿ ਉਨ੍ਹਾਂ ਤੋਂ ਜੂਨੀਅਰ ਦੁਸ਼ਯੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਹੁਣ ਉਨ੍ਹਾਂ ਨੂੰ ਗ੍ਰਹਿ ਅਤੇ ਸਥਾਨਕ ਸਰਕਾਰ ਅਦਾਰਿਆਂ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤੋਂ ਲੱਗਦਾ ਹੈ ਕਿ ਸਰਕਾਰ 'ਚ ਉਨ੍ਹਾਂ ਦਾ ਕੱਦ ਉਪ ਮੁੱਖ ਮੰਤਰੀ ਦੇ ਬਰਾਬਰ ਕਰਨ ਦਾ ਯਤਨ ਕੀਤਾ ਗਿਆ ਹੈ।
ਵਿਭਾਗਾਂ ਦਾ ਵੇਰਵਾ-
ਮੁੱਖ ਮੰਤਰੀ ਮਨੋਹਰ ਲਾਲ ਖੱਟੜ: ਵਿੱਤ ਮੰਤਰਾਲੇ ਸਮੇਤ ਉਹ ਸਾਰੇ ਵਿਭਾਗ ਜੋ ਕਿਸੇ ਮੰਤਰੀ ਨੂੰ ਨਹੀਂ ਦਿੱਤੇ ਗਏ।
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ: ਮਾਲੀਆ ਅਤੇ ਆਫਤ ਪ੍ਰਬੰਧਨ, ਆਬਕਾਰੀ ਅਤੇ ਕਰ, ਵਿਕਾਸ ਅਤੇ ਪੰਚਾਇਤਾਂ, ਉਦਯੋਗ ਅਤੇ ਵਣਜ, ਜਨਤਕ ਨਿਰਮਾਣ, ਖਾਧ ਨਾਗਰਿਕ ਆਪੂਰਤੀ ਅਤੇ ਉਪਭੋਗਤਾ ਮਾਮਲੇ, ਕਿਰਤ ਅਤੇ ਰੋਜ਼ਗਾਰ, ਸਿਵਲ ਹਵਾਬਾਜ਼ੀ, ਪੁਨਰਵਾਸ।
ਅਨਿਲ ਵਿੱਜ : ਗ੍ਰਹਿ, ਸਥਾਨਕ ਸਰਕਾਰ ਅਦਾਰੇ, ਸਿਹਤ, ਚਿਕਿਤਸਾ, ਸਿੱਖਿਆ ਅਤੇ ਖੋਜ, ਆਯੂਸ਼, ਤਕਨੀਕੀ ਸਿੱਖਿਆ ਅਤੇ ਸਾਇੰਸ ਤੇ ਟੈਕਨਾਲੋਜੀ।
ਕੰਵਰਪਾਲ ਗੁਰਜਰ : ਸਿੱਖਿਆ, ਜੰਗਲਾਤ ਵਿਭਾਗ, ਸੈਰ-ਸਪਾਟਾ, ਸੰਸਦੀ ਮਾਮਲੇ, ਸਤਿਕਾਰ ਵਿਭਾਗ।
ਮੂਲ ਚੰਦ ਸ਼ਰਮਾ : ਟਰਾਂਸਪੋਰਟ, ਖਨਨ ਤੇ ਭੂ ਗਰਭ, ਹੁਨਰ ਵਿਕਾਸ ਤੇ ਉਦਯੋਗਿਕ ਸਿਖਲਾਈ, ਕਲਾ ਤੇ ਸੱਭਿਆਚਾਰਕ ਮਾਮਲੇ।
ਰਣਜੀਤ ਸਿੰਘ : ਬਿਜਲੀ, ਗੈਰ-ਰਵਾਇਤੀ ਊਰਜਾ, ਜੇਲ।
ਜੈ ਪ੍ਰਕਾਸ਼ ਦਲਾਲ : ਖੇਤੀਬਾੜੀ ਤੇ ਕਿਸਾਨ ਕਲਿਆਣ, ਪਸ਼ੂ-ਪਾਲਣ ਤੇ ਡੇਅਰੀ, ਮੱਛੀ ਪਾਲਣ, ਕਾਨੂੰਨ ਅਤੇ ਵਿਧਾਨਿਕ ਮਾਮਲੇ।
ਡਾ. ਬਨਵਾਰੀ ਲਾਲ : ਸਹਿਕਾਰਤਾ ਅਤੇ ਅਨੁਸੂਚਿਤ ਤੇ ਪੱਛੜਾ ਵਰਗ ਕਲਿਆਣ।
ਓਮ ਪ੍ਰਕਾਸ਼ ਯਾਦਵ : ਸਮਾਜਿਕ ਅਧਿਕਾਰਤਾ ਅਤੇ ਸਸ਼ਕਤੀਕਰਨ, ਫੌਜੀ ਤੇ ਨੀਮ ਫੌਜੀ ਕਲਿਆਣ (ਆਜ਼ਾਦ ਵਿਭਾਗ)।
ਕਮਲੇਸ਼ ਢਾਂਡਾ : ਔਰਤਾਂ ਅਤੇ ਬਾਲ ਵਿਕਾਸ ਤੇ ਲੇਖਾਗਾਰ (ਆਜ਼ਾਦ ਵਿਭਾਗ)।
ਅਨੂਪ ਧਾਨਕ : ਪੁਰਾਤੱਤਵ ਤੇ ਮਿਊਜ਼ੀਅਮ (ਆਜ਼ਾਦ ਵਿਭਾਗ), ਕਿਰਤ ਤੇ ਰੋਜ਼ਗਾਰ (ਉਪ ਮੁੱਖ ਮੰਤਰੀ ਨਾਲ ਸਬੰਧਤ)।
ਸੰਦੀਪ ਸਿੰਘ : ਖੇਡ ਅਤੇ ਨੌਜਵਾਨ ਮਾਮਲੇ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ (ਆਜ਼ਾਦ ਵਿਭਾਗ)।
ਓਡ-ਈਵਨ ਵਧਾਉਣ 'ਤੇ ਸੋਮਵਾਰ ਨੂੰ ਹੋਵੇਗਾ ਅੰਤਿਮ ਫੈਸਲਾ : ਕੇਜਰੀਵਾਲ
NEXT STORY