ਆਈਜ਼ੋਲ- ਜ਼ੋਰਮ ਪੀਪੁਲਜ਼ ਮੂਵਮੈਂਟ (ZPM) ਨੇ ਸੋਮਵਾਰ ਮਿਜ਼ੋਰਮ ਵਿਧਾਨ ਸਭਾ ਦੀਆਂ 40 'ਚੋਂ 27 ਸੀਟਾਂ ਜਿੱਤ ਕੇ ਸੂਬੇ ’ਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ। ਜਿੱਤਣ ਵਾਲੀ ZPM ਪਾਰਟੀ ਦੇ ਪ੍ਰਮੁੱਖ ਆਗੂਆਂ 'ਚ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਵੀ ਸ਼ਾਮਲ ਹਨ। ਉਨ੍ਹਾਂ ਸੇਰਛਿੱਪ ਸੀਟ ਤੋਂ ਮਿਜ਼ੋ ਨੈਸ਼ਨਲ ਫਰੰਟ (MNF) ਦੇ ਜੇ. ਮਾਲਸਾਵਮਜੁਆਲਾ ਵਾਂਚਾਵਾਂਗ ਨੂੰ 2982 ਵੋਟਾਂ ਨਾਲ ਹਰਾਇਆ।
ਮਿਜ਼ੋ ਨੈਸ਼ਨਲ ਫਰੰਟ ਨੂੰ 10 ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ
ਮਿਜ਼ੋ ਨੈਸ਼ਨਲ ਫਰੰਟ ਨੇ ਸੂਬੇ ’ਚ 10 ਸੀਟਾਂ ਜਿੱਤੀਆਂ ਹਨ। ਇਨ੍ਹਾਂ ’ਚ ਹਾਚੇਕ, ਮਾਮਿਕ, ਤੁਇਰਿਆਲ, ਸੇਰਲੁਈ, ਤੁਈਵਾਵਲ, ਪੂਰਬੀ ਤੁਈਪੁਈ, ਪੱਛਮੀ ਤੁਈਪੁਈ, ਥੋਰਾਂਗ ਅਤੇ ਤੁਈਚਾਂਗ ਸ਼ਾਮਲ ਹਨ। ਭਾਜਪਾ ਨੇ ਪਲਕ ਅਤੇ ਸਾਈਹਾ ਦੋ ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ ਲੰਗਟਲਾਈ ਪੱਛਮੀ ਸੀਟ ਜਿੱਤੀ ਹੈ। ਚੋਣ ਕਮਿਸ਼ਨ ਅਨੁਸਾਰ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਵਾਲੇ ਆਗੂਆਂ ਵਿਚ ਉਪ ਮੁੱਖ ਮੰਤਰੀ ਅਤੇ MNF ਦੇ ਉਮੀਦਵਾਰ ਤਵਾਨਲੁਈਆ ਵੀ ਸ਼ਾਮਲ ਹਨ, ਜੋ ਤੁਈਚਾਂਗ ਵਿੱਚ ZPM ਦੇ ਉਮੀਦਵਾਰ ਕੋਲੋਂ ਹਾਰ ਗਏ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ MNF ਦੇ ਉਮੀਦਵਾਰ ਆਰ. ਲਾਲਥਾਂਗਲੀਆਨਾ ਦੱਖਣੀ ਤੁਈਪੁਈ 'ਚ ZPM ਦੇ ਲਾਲਪੇਖਲੁਆ ਅਤੇ ਪੇਂਡੂ ਵਿਕਾਸ ਮੰਤਰੀ ਲਾਲਰੁਤਕੀਮਾ ਆਈਜ਼ੋਲ ਵੈਸਟ-2 ਸੀਟ ਤੋਂ ZPM ਦੇ ਉਮੀਦਵਾਰ ਲਾਲਾਂਕਸਗਾਲੋਵਾ ਹੱਥੋਂ ਹਾਰ ਗਏ।
ਮੁੱਖ ਮੰਤਰੀ ਜ਼ੋਰਮਥੰਗਾ ਹਾਰੇ
ਚੋਣ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜ਼ੋਰਮਥੰਗਾ ਆਈਜ਼ੋਲ ਪੂਰਬੀ-1 ਸੀਟ ’ਤੇ ZPM ਦੇ ਉਮੀਦਵਾਰ ਲਾਲਥਨਸਾੰਗਾ ਤੋਂ 2101 ਵੋਟਾਂ ਨਾਲ ਹਾਰ ਗਏ। ZPM ਵਲੋਂ ਜਿੱਤੀਆਂ ਸੀਟਾਂ ਵਿੱਚ ਕੋਲਾਸਿਬ, ਚੈਲਫਿਲ, ਤਵੀ, ਆਈਜ਼ੋਲ ਉੱਤਰੀ-1, ਆਈਜ਼ੋਲ ਉੱਤਰੀ-2, ਆਈਜ਼ੋਲ ਉੱਤਰੀ-3, ਆਈਜ਼ੋਲ ਪੂਰਬੀ-1, ਆਈਜ਼ੋਲ ਪੂਰਬੀ-2, ਆਈਜ਼ੋਲ ਪੱਛਮੀ-1, ਆਈਜ਼ੋਲ ਪੱਛਮੀ-2, ਆਈਜ਼ੋਲ ਪੱਛਮੀ- 3 , ਆਈਜ਼ੋਲ ਦੱਖਣੀ-1, ਆਈਜ਼ੋਲ ਦੱਖਣੀ-2, ਆਈਜ਼ੋਲ ਦੱਖਣੀ- 3, ਲੈਂਗਟੇਂਗ, ਤੁਈਚਾਂਗ, ਚੰਫਾਈ ਉੱਤਰੀ, ਚੰਫਾਈ ਦੱਖਣੀ, ਤੁਈਕੁਮ, ਹਰੰਗਟੁਰਜੋ, ਦੱਖਣੀ ਤੁਈਪੁਈ, ਲੁੰਗਲੇਈ ਉੱਤਰੀ, ਲੁੰਗਲੇਈ ਪੂਰਬੀ, ਲੁੰਗਲੇਈ ਪੱਛਮੀ, ਲੁੰਗਲੇਈ ਦੱਖਣੀ, ਲੰਗਟਲਾਈ ਪੂਰਬੀ ਅਤੇ ਸੇਰਚਿਪ ਸ਼ਾਮਲ ਹਨ।
7 ਨਵੰਬਰ ਨੂੰ ਹੋਈ ਸੀ ਪੋਲਿੰਗ
ਮਿਜ਼ੋਰਮ ਵਿਧਾਨ ਸਭਾ ਲਈ 7 ਨਵੰਬਰ ਨੂੰ ਵੋਟਾਂ ਪਈਆਂ ਸਨ। ਸੂਬੇ ਦੇ 8.57 ਲੱਖ ਵੋਟਰਾਂ ਵਿੱਚੋਂ 80 ਫੀਸਦੀ ਤੋਂ ਵੱਧ ਵੋਟਰਾਂ ਨੇ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਚੋਣਾਂ ਵਿੱਚ 18 ਔਰਤਾਂ ਸਮੇਤ ਕੁੱਲ 174 ਉਮੀਦਵਾਰ ਮੈਦਾਨ ਵਿੱਚ ਸਨ।
ਜ਼ੋਰਮਥੰਗਾ ਨੇ ਰਾਜਪਾਲ ਨੂੰ ਅਸਤੀਫਾ ਸੌਂਪਿਆ
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਸੋਮਵਾਰ ਸ਼ਾਮ ਰਾਜਪਾਲ ਹਰੀ ਬਾਬੂ ਨਾਲ ਮੁਲਾਕਾਤ ਕੀਤੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ ਦੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਮਣੀਪੁਰ ਦੇ ਆਗੂ ਹਥਿਆਰਾਂ ਸਮੇਤ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ 'ਚ ਸ਼ਾਮਲ
NEXT STORY