ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਸਰਕਾਰ ਨੇ ਅਗਲੇ ਦੋ ਮਹੀਨੇ (ਮਈ ਅਤੇ ਜੂਨ) ਲਈ ਪ੍ਰਤੀ ਵਿਅਕਤੀ 5 ਕਿੱਲੋਗ੍ਰਾਮ ਮੁਫਤ ਅਨਾਜ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੀ ਇਸ ਪਹਿਲ ਨਾਲ 80 ਕਰੋੜ ਲੋਕਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ।
ਦੱਸਿਆ ਗਿਆ ਕਿ ਕੇਂਦਰ ਸਰਕਾਰ ਕੋਰੋਨਾ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਅਗਲੇ ਦੋ ਮਹੀਨੇ ਦਾ ਅਨਾਜ ਮੁਫ਼ਤ ਦੇਵੇਗੀ। ਇਸਦੇ ਲਈ 26,000 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਜਾਣਗੇ। ਸਰਕਾਰ ਵੱਲੋਂ ਇਹ ਐਲਾਨ ਅਜਿਹੇ ਸਮੇਂ 'ਚ ਕੀਤੀ ਗਿਆ ਹੈ, ਜਦੋਂ ਦੇਸ਼ ਵਿੱਚ ਕੋਰੋਨਾ ਨਾਲ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ।
ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਉਸ ਵਕਤ ਗਰੀਬਾਂ ਨੂੰ ਪੌਸ਼ਟਿਕ ਅਨਾਜ ਮਿਲੇ ਇਹ ਬਹੁਤ ਮਹੱਤਵਪੂਰਣ ਹੈ। ਸਰਕਾਰ ਇਸ ਯੋਜਨਾ 'ਤੇ ਕਰੀਬ 26 ਹਜ਼ਾਰ ਕਰੋੜ ਰੁਪਏ ਖ਼ਰਚ ਕਰ 80 ਕਰੋੜ ਲੋਕਾਂ ਨੂੰ ਫਾਇਦਾ ਪਹੁੰਚਾਏਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਲਾਕਡਾਊਨ ਦੇ ਸਮੇਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਲੋਕਾਂ ਨੂੰ ਅਨਾਜ ਵੰਡੇ ਸਨ।
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਲਗਾਤਾਰ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਕਈ ਰਾਜਾਂ ਵਿੱਚ ਬੈਡ ਤੋਂ ਲੈ ਕੇ ਆਕਸੀਜਨ ਤੱਕ ਦੀ ਕਮੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ। ਬੈਠਕ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ ਅਤੇ ਦਿੱਲੀ ਸਮੇਤ ਕੁੱਝ ਹੋਰ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼
NEXT STORY