ਨਵੀਂ ਦਿੱਲੀ (ਏਜੰਸੀਆਂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਈ. ਡੀ. ਅਤੇ ਹੋਰ ਕੇਂਦਰੀ ਏਜੰਸੀਆਂ ਚੰਗਾ ਕੰਮ ਕਰ ਰਹੀਆਂ ਹਨ।
ਨਿਊਜ਼ ਏਜੰਸੀ ਏ. ਐੱਨ. ਆਈ. ਨਾਲ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਜਿਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ’ਚੋਂ 97 ਫ਼ੀਸਦੀ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਵਿਰੋਧੀ ਧਿਰ ਦੇ ਈ. ਵੀ. ਐੱਮ. ’ਤੇ ਸਵਾਲ ਉਠਾਉਣ ਸਬੰਧੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਹਾਰ ਦਾ ਦੋਸ਼ ਲਾਉਣ ਲਈ ਬਹਾਨਾ ਲੱਭਦੀ ਹੈ। ਇਸੇ ਲਈ ਉਹ ਅਜਿਹੀਆਂ ਗੱਲਾਂ ਕਰਦੀ ਹੈ।
2024 ਤੇ 2047 ਨੂੰ ਆਪਸ ’ਚ ਨਾ ਮਿਲਾਓ
ਮੋਦੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ 2024 ਤੇ 2047 ਨੂੰ ਅਾਪਸ ’ਚ ਮਿਲਾਇਆ ਨਹੀਂ ਜਾਣਾ ਚਾਹੀਦਾ। ਦੋਵੇਂ ਵੱਖਰੀਆਂ ਚੀਜ਼ਾਂ ਹਨ। ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾ ਰਿਹਾ ਸੀ ਤਾਂ ਮੈਂ ਇਸ ਵਿਸ਼ੇ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਸ਼ੁਰੂ ਕੀਤਾ। ਮੈਂ ਕਿਹਾ ਸੀ ਕਿ 2047 ’ਚ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ। ਇਹ ਇੱਕ ਮੀਲ ਪੱਥਰ ਹੋਵੇਗਾ। ਇਹ ਅਜਿਹੀਆਂ ਚੀਜ਼ਾਂ ਹਨ, ਜੋ ਵਿਅਕਤੀ ਅੰਦਰ ਨਵੇਂ ਸੰਕਲਪ ਭਰ ਦਿੰਦੀਆਂ ਹਨ। ਮੇਰਾ ਮੰਨਣਾ ਹੈ ਕਿ ਇਹ ਇੱਕ ਮੌਕਾ ਹੈ। ਅਸੀਂ 75 ਸਾਲ ’ਤੇ ਖੜ੍ਹੇ ਹਾਂ ਅਤੇ 100 ਸਾਲ ਤੱਕ ਪਹੁੰਚਣ ਵਾਲੇ ਹਾਂ। ਅਸੀਂ ਇਨ੍ਹਾਂ 25 ਸਾਲਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈ ਸਕਦੇ ਹਾਂ?
ਚੋਣ ਬਾਂਡ ’ਤੇ ਫੈਲਾਇਅਾ ਗਿਅਾ ਝੂਠ
ਮੋਦੀ ਨੇ ਵਿਰੋਧੀ ਪਾਰਟੀਆਂ ’ਤੇ ਚੋਣ ਬਾਂਡ ਸਕੀਮ ਨੂੰ ਲੈ ਕੇ ‘ਝੂਠ ਫੈਲਾਉਣ’ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਚੋਣ ਬਾਂਡ ਸਕੀਮ ਦਾ ਮੰਤਵ ਚੋਣਾਂ ’ਚ ਕਾਲੇ ਧਨ ’ਤੇ ਰੋਕ ਲਾਉਣਾ ਸੀ ਪਰ ਵਿਰੋਧੀ ਧਿਰ ਇਸ ’ਤੇ ਦੋਸ਼ ਲਾ ਕੇ ਭੱਜਣਾ ਚਾਹੁੰਦੀ ਹੈ। ਚੋਣ ਬਾਂਡ ਕਾਰਨ ਤੁਸੀਂ ਮਨੀ ਟ੍ਰੇਲ ਨੂੰ ਟਰੇਸ ਕਰ ਸਕਦੇ ਹੋ। ਚੋਣ ਬਾਂਡ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਕਿਸ ਕੰਪਨੀ ਨੇ ਕਿਸ ਪਾਰਟੀ ਨੂੰ ਕਿੰਨਾ ਪੈਸਾ ਦਿੱਤਾ?
ਮੰਦਰ ਦਾ ਵਿਵਾਦ ਬਹੁਤ ਪਹਿਲਾਂ ਹੀ ਸੁਲਝਾਇਆ ਜਾ ਸਕਦਾ ਸੀ
ਰਾਮ ਮੰਦਰ ’ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਜਦੋਂ ਸਾਡੀ ਪਾਰਟੀ ਦਾ ਜਨਮ ਵੀ ਨਹੀਂ ਹੋਇਆ ਸੀ ਤਾਂ ਮੰਦਰ ਮਾਮਲੇ ਦਾ ਅਦਾਲਤ ’ਚ ਨਿਪਟਾਰਾ ਹੋ ਸਕਦਾ ਸੀ। ਬਹੁਤ ਸਾਰੀਆਂ ਗੱਲਾਂ ਹਨ ਜੋ ਵੰਡ ਵੇਲੇ ਤੈਅ ਹੋ ਸਕਦੀਆਂ ਸਨ ਪਰ ਨਹੀਂ ਹੋਈਆਂ। ਇਹ ਵੋਟ ਬੈਂਕ ਦਾ ਹਥਿਆਰ ਸੀ, ਇਸ ਲਈ ਇਸ ਨੂੰ ਫੜ ਕੇ ਰਖਿਅਾ ਗਿਅਾ ਤੇ ਵਾਰ- ਵਾਰ ਭੜਕਾਇਆ ਗਿਆ।
ਮੇਰੇ ਮਨ ’ਚ ਵੱਡੀਆਂ ਯੋਜਨਾਵਾਂ ਹਨ
ਮੋਦੀ ਨੇ ਕਿਹਾ ਕਿ ਮੇਰੇ ਮਨ ’ਚ ਬਹੁਤ ਵੱਡੀਆਂ ਯੋਜਨਾਵਾਂ ਹਨ। ਉਨ੍ਹਾਂ ਲਈ ਵੱਡੇ ਫੈਸਲੇ ਹਨ। ਕਿਸੇ ਨੂੰ ਡਰਨ ਦੀ ਲੋੜ ਨਹੀਂ। ਮੇਰੇ ਫੈਸਲੇ ਕਿਸੇ ਨੂੰ ਡਰਾਉਣ ਜਾਂ ਦਬਾਉਣ ਲਈ ਨਹੀਂ । ਮੇਰੇ ਫੈਸਲੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਲਈ ਹਨ। ਮੈਂ ਦੇਸ਼ ਨੂੰ ਵਿਗਾੜਨਾ ਅਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।
ਬਹੁਤੀਆਂ ਸਰਕਾਰਾਂ ਕਹਿੰਦੀਆਂ ਹਨ ਕਿ ਅਸੀਂ ਸਭ ਕੁਝ ਕੀਤਾ ਹੈ। ਮੈਨੂੰ ਭਰੋਸਾ ਨਹੀਂ ਹੈ ਕਿ ਉਨ੍ਹਾਂ ਸਭ ਕੁਝ ਕੀਤਾ ਹੈ। ਮੈਂ ਹੋਰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਹੀ ਦਿਸ਼ਾ ’ਚ ਜਾਣ ਦੀ ਕੋਸ਼ਿਸ਼ ਕੀਤੀ ਹੈ। ਅਜੇ ਵੀ ਮੇਰੇ ਲਈ ਬਹੁਤ ਕੁਝ ਕਰਨਾ ਬਾਕੀ ਹੈ। ਮੇਰਾ ਵਿਜ਼ਨ ਮੇਰੀ ਵਿਰਾਸਤ ਨਹੀਂ । ਇਸ ’ਚ 15-20 ਲੱਖ ਲੋਕਾਂ ਦੇ ਵਿਚਾਰ ਸ਼ਾਮਲ ਹਨ।
ਈ. ਵੀ. ਐੱਮ. ਇੱਕ ਬਹਾਨਾ
ਜਦੋਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਵਿਰੋਧੀ ਧਿਰ ਵਾਰ-ਵਾਰ ਈ. ਵੀ. ਐੱਮ. ’ਚ ਬੇਨਿਯਮੀਆਂ ਦਾ ਹਵਾਲਾ ਦੇ ਕੇ ਤੁਹਾਡੀ ਸਰਕਾਰ ’ਤੇ ਸਵਾਲ ਕਿਉਂ ਉਠਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਆਪਣੀ ਹਾਰ ਯਕੀਨੀ ਵੇਖ ਕੇ ਵਿਰੋਧੀ ਧਿਰ ਈ. ਵੀ. ਐਮ. ’ਤੇ ਦੋਸ਼ ਮੜ੍ਹ ਰਹੀ ਹੈ। ਈ. ਵੀ. ਐਮ. ਤਾਂ ਇਕ ਬਹਾਨਾ ਹੈ। ਨਾਚ ਨਾ ਜਾਨੇ ਆਂਗਨ ਟੇਢਾ।
ਰਾਹੁਲ ਗਾਂਧੀ ’ਤੇ ਵਿੰਨ੍ਹਿਅਾ ਨਿਸ਼ਾਨਾ
ਮੋਦੀ ਨੇ ਕਿਹਾ ਕਿ ਇੱਕ ਨੇਤਾ ਜੀ ਦੇ ਵੀਡੀਓ ਬਾਜ਼ਾਰ ’ਚ ਵਾਇਰਲ ਹੋ ਰਹੇ ਹਨ। ਉਹ ਕਹਿ ਰਹੇ ਹਨ ਕਿ ਉਹ ਇੱਕ ਝਟਕੇ ’ਚ ਗਰੀਬੀ ਹਟਾ ਦੇਣਗੇ। 5-6 ਦਹਾਕਿਆਂ ਤੱਕ ਰਾਜ ਕਰਨ ਵਾਲੇ ਜਦੋਂ ਕਹਿੰਦੇ ਹਨ ਕਿ ਉਹ ਇੱਕ ਝਟਕੇ ’ਚ ਗਰੀਬੀ ਖਤਮ ਕਰ ਦੇਣਗੇ ਤਾਂ ਦੇਸ਼ ਵਾਸੀ ਹੈਰਾਨ ਹੁੰਦੇ ਹਨ ਕਿ ਉਹ ਕੀ ਕਹਿ ਰਹੇ ਹਨ । ਉਨ੍ਹਾਂ ਦਾ ਇੱਕ ਵਿਚਾਰ ਦੂਜੇ ਦੇ ਉਲਟ ਹੈ। ਲੋਕ ਇਹ ਵੇਖ ਕੇ ਕਹਿੰਦੇ ਹਨ ਕਿ ਇਹ ਬੰਦਾ ਸਾਨੂੰ ਬਹੁਤ ਮੂਰਖ ਬਣਾਉਂਦਾ ਸੀ।
----------------------
ਮੈਂ ਮਾਂ ਭਾਰਤੀ ਦੀ ਔਲਾਦ ਹਾਂ। ਉਸ ਤੋਂ ਵੱਧ ਲੋਕ ਨਾ ਮੇਰੇ ਬਾਰੇ ਬੋਲਦੇ ਹਨ ਅਤੇ ਨਾ ਹੀ ਮੇਰੇ ਬਾਰੇ ਸੋਚਦੇ ਹਨ। ਮੈਂ ਆਪਣੀ ਮਾਂ ਦੀ ਸੇਵਾ ਕਰ ਰਿਹਾ ਹਾਂ, ਇਹ ਹੀ ਕਾਫੀ ਹੈ। -ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਓਡੀਸ਼ਾ: ਜਾਜੂਪਰ 'ਚ ਬੇਕਾਬੂ ਬੱਸ ਫਲਾਈਓਵਰ ਤੋਂ ਡਿੱਗੀ, 5 ਲੋਕਾਂ ਦੀ ਮੌਤ
NEXT STORY