ਨਵੀਂ ਦਿੱਲੀ/ਮੁੰਬਈ (ਭਾਸ਼ਾ)- ਦਿੱਲੀ ਅਤੇ ਮੁੰਬਈ ਦੋਵਾਂ ਥਾਈਂ ਐਤਵਾਰ ਨੂੰ ਮਾਨਸੂਨ ਦੇ ਪਹੁੰਚਣ ਨਾਲ ਇਸ ਦਾ ਪਹਿਲਾ ਮੀਂਹ ਪਿਆ ਅਤੇ ਇਸ ਤਰ੍ਹਾਂ ਦਾ ਅਨੋਖਾ ਸੰਜੋਗ 62 ਸਾਲ ਪਹਿਲਾਂ 21 ਜੂਨ 1961 ਨੂੰ ਦੇਖਣ ਨੂੰ ਮਿਲਿਆ ਸੀ, ਜਦੋਂ ਦੋਵਾਂ ਮਹਾਨਗਰਾਂ ’ਚ ਇਕੱਠੇ ਮਾਨਸੂਨ ਦਾ ਆਗਮਨ ਹੋਇਆ ਸੀ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਦੱਸਿਆ ਕਿ ਦਿੱਲੀ ’ਚ ਮਾਨਸੂਨ ਆਪਣੇ ਤੈਅ ਸਮੇਂ ਤੋਂ 2 ਦਿਨ ਪਹਿਲਾਂ ਪਹੁੰਚ ਗਿਆ, ਜਦੋਂ ਕਿ ਮੁੰਬਈ ’ਚ ਇਹ ਦੋ ਹਫ਼ਤੇ ਦੀ ਦੇਰੀ ਨਾਲ ਪੁੱਜਾ। ਆਈ. ਐੱਮ. ਡੀ. ਦੇ ਇਕ ਸੀਨੀਅਰ ਮੌਸਮ ਵਿਗਿਆਨੀ ਡੀ. ਐੱਸ. ਪਾਈ ਨੇ ਕਿਹਾ,‘‘21 ਜੂਨ 1961 ਦੇ ਬਾਅਦ ਤੋਂ ਇਹ ਪਹਿਲੀ ਵਾਰ ਹੈ, ਜਦੋਂ ਮਾਨਸੂਨ ਦਿੱਲੀ ਅਤੇ ਮੁੰਬਈ ਦੋਵਾਂ ਥਾਵਾਂ ’ਤੇ ਇਕੱਠੇ ਪਹੁੰਚਿਆ ਹੈ।’’
ਦਿੱਲੀ ਦੀ ਸਫਦਰਜੰਗ ਆਬਜ਼ਰਵੇਟਰੀ ਅਨੁਸਾਰ, ਐਤਵਾਰ ਸਵੇਰੇ ਸਾਢੇ ਅੱਠ ਵਜੇ ਤੱਕ, ਬੀਤੇ 24 ਘੰਟਿਆਂ ’ਚ 48.3 ਮਿਲੀਮੀਟਰ (ਐੱਮ. ਐੱਮ.) ਮੀਂਹ ਪਿਆ। ਆਈ. ਐੱਮ. ਡੀ. ਅਨੁਸਾਰ, ਜਫਰਪੁਰ ਅਤੇ ਲੋਧੀ ਰੋਡ ’ਚ ਲਗਭਗ 60-60 ਐੱਮ. ਐੱਮ., ਆਯਾਨਗਰ ਅਤੇ ਮੁੰਗੇਸ਼ਪੁਰ ’ਚ ਲਗਭਗ 50-50 ਮਿ. ਮੀ. ਅਤੇ ਐੱਸ. ਪੀ. ਐੱਸ. ਮਯੂਰ ਵਿਹਾਰ ’ਚ 40 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ’ਚ ਮਾਨਸੂਨ ਦੇ ਜ਼ੋਰ ਫੜਣ ਦੀ ਗੱਲ ਕਹੀ ਹੈ। ਅਗਲੇ 2 ਦਿਨਾਂ ਦੌਰਾਨ ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ ਦੇ ਕੁਝ ਹੋਰ ਹਿੱਸਿਆਂ ਅਤੇ ਜੰਮੂ-ਕਸ਼ਮੀਰ ਦੇ ਬਾਕੀ ਹਿੱਸਿਆਂ ’ਚ ਮਾਨਸੂਨ ਦੇ ਜ਼ੋਰ ਫੜਣ ਲਈ ਹਾਲਾਤ ਅਨੁਕੂਲ ਹਨ। ਓਧਰ ਦੱਖਣ-ਪੱਛਮੀ ਮਾਨਸੂਨ ਨੇ ਮੱਧ ਪ੍ਰਦੇਸ਼ ’ਚ ਦਸਤਕ ਦੇ ਦਿੱਤੀ ਹੈ।
10 ਦਿਨਾਂ ਤੋਂ ਦੋਹਤੇ ਦੀ ਲਾਸ਼ ਨਾਲ ਰਹਿ ਰਹੀ ਸੀ ਨਾਨੀ, ਮ੍ਰਿਤਕ ਦੇਹ ਨੂੰ ਖਾ ਰਹੇ ਸਨ ਕੀੜੇ
NEXT STORY