ਬੜਵਾਨੀ- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ 'ਚ ਇਕ ਪ੍ਰਾਈਵੇਟ ਬੱਸ ਨੂੰ ਅੱਗ ਲੱਗਣ ਕਾਰਨ ਯਾਤਰੀਆਂ ਨੂੰ ਭਾਜੜਾਂ ਪੈ ਗਈਆਂ। ਪੁਲਸ ਮੁਤਾਬਕ ਬੜਵਾਨੀ ਜ਼ਿਲ੍ਹੇ ਦੇ ਨਾਗਲਵਾੜੀ ਥਾਣਾ ਖੇਤਰ ਦੇ ਅਧੀਨ ਆਗਰਾ ਮੁੰਬਈ ਨੈਸ਼ਨਲ ਹਾਈਵੇਅ 'ਤੇ ਅੱਜ ਇਕ ਪ੍ਰਾਈਵੇਟ ਯਾਤਰੀ ਬੱਸ ਨੂੰ ਅੱਗ ਲੱਗ ਗਈ। ਨਾਗਲਵਾੜੀ ਥਾਣੇ ਮੁਤਾਬਕ ਬਾਲਸਮੁਦ ਨੇੜੇ ਸ਼ਾਰਟ ਸਰਕਟ ਜਾਂ ਤਕਨੀਕੀ ਖਰਾਬੀ ਕਾਰਨ ਬੱਸ ਦੇ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ। ਮੁੰਬਈ ਤੋਂ ਇੰਦੌਰ ਜਾ ਰਹੀ ਬੱਸ ਦੇ ਡਰਾਈਵਰ ਨੂੰ ਕਿਸੇ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ ਤਾਂ ਉਸ ਨੇ ਤੁਰੰਤ ਇਸ ਨੂੰ ਰੋਕ ਲਿਆ।
ਬੱਸ 'ਚ ਸਵਾਰ ਸਾਰੇ ਯਾਤਰੀਆਂ ਨੂੰ ਤੁਰੰਤ ਉਤਾਰ ਲਿਆ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਬੜਵਾਨੀ ਜ਼ਿਲ੍ਹੇ ਦੇ ਸੇਂਧਵਾ ਤੋਂ ਦੋ ਅਤੇ ਰਾਜਪੁਰ ਤੋਂ ਇਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਉਥੇ ਪਹੁੰਚੀਆਂ ਪਰ ਇਸ ਤੋਂ ਪਹਿਲਾਂ ਹੀ ਬੱਸ ਸੜ ਕੇ ਸੁਆਹ ਹੋ ਗਈ। ਪੁਲਸ ਸੂਤਰਾਂ ਮੁਤਾਬਕ ਘਟਨਾ ਕਾਰਨ ਆਗਰਾ ਮੁੰਬਈ ਨੈਸ਼ਨਲ ਹਾਈਵੇਅ ਦੇ ਇਕ ਪਾਸੇ ਦੀਆਂ ਦੋ ਲੇਨਾਂ ਜਾਮ ਹੋ ਗਈਆਂ। ਹਾਲਾਂਕਿ ਕੁਝ ਸਮੇਂ ਬਾਅਦ ਆਵਾਜਾਈ ਆਮ ਵਾਂਗ ਹੋ ਗਈ।
ਛੁੱਟੀਆਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਆਉਣਾ ਪਵੇਗਾ ਸਕੂਲ, ਹੁਕਮ ਜਾਰੀ
NEXT STORY