ਮੁੰਬਈ—ਮੁੰਬਈ 'ਚ ਸਾਲ 2016 'ਚ ਬਲਾਤਕਾਰ ਦੇ ਦਰਜ ਹੋਏ ਕੁੱਲ ਮਾਮਲਿਆਂ 'ਚੋਂ 72 ਫੀਸਦੀ ਮਾਮਲਿਆਂ 'ਚ ਨਾਬਾਲਿਗ ਲੜਕੀਆਂ ਸ਼ਾਮਲ ਸਨ। ਮੁੰਬਈ 'ਚ ਕਾਨੂੰਨ ਪ੍ਰਬੰਧ, ਪੁਲਸ ਅਤੇ ਪ੍ਰਜਾ ਫਾਊਂਡੇਸ਼ਨ ਦੀ ਸਲਾਨਾ ਰਿਪੋਰਟ 'ਚ ਇਹ ਆਂਕੜੇ ਸਾਹਮਣੇ ਆਏ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ 2016 'ਚ ਸ਼ਹਿਰ 'ਚ ਬਲਾਤਕਾਰ ਦੇ ਕੁੱਲ 628 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 455 ਯੌਨ ਸੋਸ਼ਣ ਮਾਮਲੇ ਪ੍ਰੋਟੈਕਸ਼ਨ ਆਫ ਚਾਈਲਡ ਐਕਟ (ਪੋਕਸੋ) ਅਧੀਨ ਦਰਜ ਕੀਤੇ ਗਏ ਹਨ। ਇਸ 'ਚ ਦੱਸਿਆ ਗਿਆ ਹੈ ਕਿ 2015 'ਚ ਬਲਾਤਕਾਰ ਦੇ 712 ਮਾਮਲੇ ਦਰਜ ਹੋਏ ਸਨ, ਜਿਨ੍ਹਾਂ 'ਚ 448 ਨਾਬਾਲਿਗ ਲੜਕੀਆਂ ਸ਼ਾਮਲ ਸਨ।
ਰਿਪੋਰਟ ਮੁਤਾਬਕ ਅਪ੍ਰੈਲ 2016 ਤੋਂ ਮਾਰਚ 2017 ਵਿਚਾਲੇ ਸ਼ਹਿਰ ਭਰ ਦੇ ਥਾਣਿਆਂ 'ਚ 15,867 ਅਪਰਾਧਿਕ ਮਾਮਲੇ ਦਰਜ ਹੋਏ। ਸਾਲ 2015-16 'ਚ ਇਹ ਆਂਕੜਾ 17,539 ਸੀ, ਇਸ ਹਿਸਾਬ ਨਾਲ ਦਰਜ ਮਾਮਲਿਆਂ 'ਚ 17 ਫੀਸਦੀ ਦੀ ਕਮੀ ਆਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬਲਾਤਕਾਰ ਮਾਮਲਿਆਂ 'ਚ ਵੀ ਕਮੀ ਆਈ ਹੈ, ਜਿਥੇ 2016-17 'ਚ ਬਲਾਤਕਾਰ ਦੇ 576 ਮਾਮਲੇ ਦਰਜ ਹੋਏ ਸਨ, ਉਥੇ ਹੀ 2015-16 'ਚ ਇਨ੍ਹਾਂ ਮਾਮਲਿਆਂ ਦੀ ਗਿਣਤੀ 728 ਸੀ। ਇਸ ਤਰ੍ਹਾਂ ਨਾਲ 2015-16 'ਚ ਛੇੜਛਾੜ ਦੇ 2,145 ਮਾਮਲੇ ਦਰਜ ਕੀਤੇ ਗਏ, ਜਦਕਿ 2016-17 'ਚ ਇਹ ਗਿਣਤੀ ਘੱਟ ਕੇ 2,103 ਹੋ ਗਈ। ਕਤਲ ਦੇ ਮਾਮਲਿਆਂ 'ਚ ਵੀ 17 ਫੀਸਦੀ ਦੀ ਕਮੀ ਦੇਖੀ ਗਈ ਹੈ। 2015-16 'ਚ 170 ਕਤਲ ਦੇ ਮਾਮਲੇ ਦਰਜ ਹੋਏ ਸਨ, ਉਥੇ ਹੀ 2016-2017 'ਚ ਕਤਲ ਦੇ 141 ਕੇਸ ਦਰਜ ਹੋਏ। ਰਿਪੋਰਟ ਮੁਤਾਬਕ ਬਲਾਤਕਾਰ ਮਾਮਲਿਆਂ 'ਚ ਐੱਫ. ਆਈ. ਆਰ. ਦਰਜ ਹੋਣ ਨਾਲ ਵੱਖ ਵੱਖ ਸੈਸ਼ਨ ਅਦਾਲਤਾਂ ਦਾ ਫੈਸਲਾ ਆਉਣ 'ਚ ਔਸਤਨ 21.3 ਮਹੀਨੇ ਦਾ ਸਮਾਂ ਲੱਗਾ, ਜਦਕਿ ਕਤਲ ਦੇ ਮਾਮਲੇ 'ਚ ਇਸ ਪ੍ਰਕਿਰਿਆ 'ਚ 24.7 ਮਹੀਨੇ ਦਾ ਸਮਾਂ ਲੱਗਾ।
ਦਿੱਲੀ 'ਚ ਇਕ ਰਸਾਇਣ ਫੈਕਟਰੀ ਨੂੰ ਲੱਗੀ ਅੱਗ
NEXT STORY