ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਕਸ਼ਮੀਰ ਲਈ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਕਟੜਾ ਤੋਂ ਹਰੀ ਝੰਡੀ ਦਿਖਾਉਣਗੇ, ਇਸ ਦੇ ਨਾਲ 272 ਕਿਲੋਮੀਟਰ ਲੰਬਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਸੰਪਰਕ ਪ੍ਰਾਜੈਕਟ ਪੂਰਾ ਹੋ ਜਾਵੇਗਾ। ਜੰਮੂ-ਕਟੜਾ-ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ 'ਚ ਕਟੜਾ ਤੋਂ ਚੱਲੇਗੀ ਕਿਉਂਕਿ ਜੰਮੂ ਰੇਲਵੇ ਸਟੇਸ਼ਨ 'ਤੇ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੇਲ ਲਿੰਕ ਪ੍ਰਾਜੈਕਟ ਪਿਛਲੇ ਮਹੀਨੇ ਪੂਰਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਜਨਵਰੀ 'ਚ ਕਟੜਾ ਅਤੇ ਕਸ਼ਮੀਰ ਵਿਚਕਾਰ ਰੇਲ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਜੰਮੂ ਅਤੇ ਸ਼੍ਰੀਨਗਰ ਵਿਚਕਾਰ ਯਾਤਰਾ ਦੇ ਸਮੇਂ ਨੂੰ ਕਾਫ਼ੀ ਘਟਾ ਦੇਵੇਗੀ ਅਤੇ ਖੇਤਰ ਨੂੰ ਆਧੁਨਿਕ ਅਤੇ ਕੁਸ਼ਲ ਰੇਲ ਸੇਵਾ ਪ੍ਰਦਾਨ ਕਰੇਗੀ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਤਵਾਰ ਨੂੰ ਜੰਮੂ 'ਚ ਪੱਤਰਕਾਰਾਂ ਨੂੰ ਦੱਸਿਆ,"ਪ੍ਰਧਾਨ ਮੰਤਰੀ ਮੋਦੀ 19 ਅਪ੍ਰੈਲ ਨੂੰ ਊਧਮਪੁਰ ਪਹੁੰਚਣਗੇ। ਉਹ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਦੌਰਾ ਕਰਨਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਕਟੜਾ ਤੋਂ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।"
ਇਸ ਦੇ ਨਾਲ ਕਸ਼ਮੀਰ ਤੱਕ ਸਿੱਧੇ ਰੇਲ ਸੰਪਰਕ ਸਹੂਲਤ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਜਾਵੇਗੀ। ਮੌਜੂਦਾ ਸਮੇਂ ਘਾਟੀ 'ਚ ਸਿਰਫ਼ ਸੰਗਲਦਾਨ ਅਤੇ ਬਾਰਾਮੂਲਾ ਵਿਚਾਲੇ ਅਤੇ ਕੱਟੜਾ ਤੋਂ ਦੇਸ਼ ਭਰ ਦੀਆਂ ਮੰਜ਼ਿਲਾਂ ਲਈ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਨੂੰ ਰੇਲ ਮਾਰਗ ਨਾਲ ਜੋੜਣ ਦਾ ਮਹੱਤਵਪੂਰਨ ਪ੍ਰਾਜੈਕਟ 1997 'ਚ ਸ਼ੁਰੂ ਹੋਇਆ ਸੀ ਪਰ ਭੂ-ਵਿਗਿਆਨੀ, ਭੂਗੋਲਿਕ ਅਤੇ ਮੌਸਮ ਸੰਬੰਧੀ ਚੁਣੌਤੀਆਂ ਕਾਰਨ ਇਸ ਨੂੰ ਪੂਰਾ ਕਰਨ 'ਚ ਦੇਰੀ ਹੋਈ। ਇਸ ਪ੍ਰਾਜੈਕਟ 'ਚ ਕੁੱਲ 119 ਕਿਲੋਮੀਟਰ ਦੀਆਂ 38 ਸੁਰੰਗਾਂ ਸ਼ਾਮਲ ਹਨ, ਜਿਨ੍ਹਾਂ 'ਚ ਸਭ ਤੋਂ ਲੰਬੀ ਸੁਰੰਗ ਟੀ-49 ਹੈ, ਜੋ 12.75 ਕਿਲੋਮੀਟਰ ਲੰਬੀ ਹੈ। ਇਹ ਦੇਸ਼ ਦੀ ਸਭ ਤੋਂ ਲੰਬੀ ਟਰਾਂਸਪੋਰਟ ਸੁਰੰਗ ਵੀ ਹੈ। ਇਸ ਪ੍ਰਾਜੈਕਟ 'ਚ 927 ਪੁਲ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਲੰਬਾਈ 13 ਕਿਲੋਮੀਟਰ ਹੈ। ਇਨ੍ਹਾਂ 'ਚ ਪ੍ਰਸਿੱਧ ਚਿਨਾਬ ਪੁਲ ਵੀ ਸ਼ਾਮਲ ਹੈ, ਜਿਸ ਦੀ ਕੁੱਲ ਲੰਬਾਈ 1,315 ਮੀਟਰ ਹੈ। ਇਸ ਦੀ ਮੇਹਰਾਬ 467 ਮੀਟਰ ਹੈ ਅਤੇ ਇਹ ਨਦੀ ਦੇ ਤਲ ਤੋਂ 359 ਮੀਟਰ ਉੱਪਰ ਹੈ। ਐਫਿਲ ਟਾਵਰ ਤੋਂ 35 ਮੀਟਰ ਉੱਚਾ ਹੋਣ ਕਾਰਨ ਇਹ ਦੁਨੀਆ ਦਾ ਸਭ ਤੋਂ ਉੱਚਾ ਮੇਹਰਾਬ ਵਾਲਾ ਰੇਲਵੇ ਪੁਲ (ਆਰਕ ਬਰਿੱਜ) ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਭਰ 'ਚ ਈਦ ਦੀਆਂ ਰੌਣਕਾਂ, ਦਿੱਲੀ-ਲਖਨਊ ਤੋਂ ਸ੍ਰੀਨਗਰ ਤੱਕ ਮਸਜਿਦਾਂ 'ਚ ਨਮਾਜ਼ੀਆਂ ਦੀ ਲੱਗੀ ਭੀੜ
NEXT STORY