ਸ਼ਿਮਲਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਣਨੀਤਕ ਪੱਧਰ ਤੋਂ ਮਹੱਤਵਪੂਰਨ ਸਾਰੇ ਮੌਸਮ ਵਿਚ ਖੁੱਲ੍ਹੀ ਰਹਿਣ ਵਾਲੀ ਅਟਲ ਸੁਰੰਗ ਦਾ ਸ਼ਨੀਵਾਰ ਯਾਨੀ ਕਿ 3 ਅਕਤੂਬਰ 2020 ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਚ ਉਦਘਾਟਨ ਕਰਨਗੇ। ਇਸ ਸੁਰੰਗ ਕਾਰਨ ਮਨਾਲੀ ਅਤੇ ਲੇਹ ਦਰਮਿਆਨ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਯਾਤਰਾ ਦਾ ਸਮਾਂ ਵੀ 4 ਤੋਂ 5 ਘੰਟੇ ਘੱਟ ਹੋ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ ਸਪੀਤੀ ਦੇ ਸੀਸੂ ਵਿਚ ਉਦਘਾਟਨ ਸਮਾਰੋਹ ਤੋਂ ਬਾਅਦ ਮੋਦੀ ਸੋਲਾਂਗ ਘਾਟੀ ਵਿਚ ਇਕ ਜਨਤਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਹੋਣਗੇ। ਮੋਦੀ ਸੁਰੰਗ ਦੇ ਉਦਘਾਟਨ ਤੋਂ ਪਹਿਲਾਂ ਉਸ ਦਾ ਨਿਰੀਖਣ ਕਰਨਗੇ।
ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ
ਦੱਸ ਦੇਈਏ ਕਿ ਅਟਲ ਸੁਰੰਗ ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ ਹੈ। 9.02 ਕਿਲੋਮੀਟਰ ਲੰਬੀ ਸੁਰੰਗ ਮਨਾਲੀ ਨੂੰ ਸਾਲ ਭਰ ਲਾਹੌਲ ਸਪੀਤੀ ਘਾਟੀ ਨਾਲ ਜੋੜ ਕੇ ਰੱਖੇਗੀ। ਪਹਿਲਾਂ ਘਾਟੀ ਕਰੀਬ 6 ਮਹੀਨੇ ਤੱਕ ਭਾਰੀ ਬਰਫ਼ਬਾਰੀ ਕਾਰਨ ਬਾਕੀ ਹਿੱਸੇ ਤੋਂ ਕੱਟੀ ਰਹਿੰਦੀ ਸੀ। ਹਿਮਾਲਿਆ ਦੇ ਪੀਰ ਪੰਜਾਲ ਪਰਬਤ ਲੜੀ ਦਰਮਿਆਨ ਅਧਿਆਧੁਨਿਕ ਖ਼ਾਸੀਅਤ ਨਾਲ ਸਮੁੰਦਰ ਤਲ ਤੋਂ ਕਰੀਬ 3 ਹਜ਼ਾਰ ਮੀਟਰ ਦੀ ਉੱਚਾਈ 'ਤੇ ਸੁਰੰਗ ਨੂੰ ਬਣਾਇਆ ਗਿਆ ਹੈ।
ਅਟਲ ਸੁਰੰਗ ਦਾ ਦੱਖਣੀ ਪੋਰਟਲ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ 'ਤੇ 30,60 ਮੀਟਰ ਦੀ ਉੱਚਾਈ 'ਤੇ ਬਣਿਆ ਹੈ, ਜਦਕਿ ਉੱਤਰੀ ਪੋਰਟਲ 3,071 ਮੀਟਰ ਦੀ ਉੱਚਾਈ 'ਤੇ ਲਾਹੌਲ ਘਾਟੀ ਵਿਚ ਤੇਲਿੰਗ, ਸੀਸੂ ਪਿੰਡ ਦੇ ਨੇੜੇ ਸਥਿਤ ਹੈ।
ਘੋੜੇ ਦੀ ਨਾਲ ਦੇ ਆਕਾਰ
ਘੋੜੇ ਦੀ ਨਾਲ ਦੇ ਆਕਾਰ ਵਾਲੀ ਦੋ ਲੇਨ ਵਾਲੀ ਸੁਰੰਗ ਵਿਚ 8 ਮੀਟਰ ਚੌੜੀ ਸੜਕ ਹੈ ਅਤੇ ਉਸ ਦੀ ਉੱਚਾਈ 5.525 ਮੀਟਰ ਹੈ। ਉਨ੍ਹਾਂ ਨੇ ਦੱਸਿਆ ਕਿ 3,330 ਕਰੋੜ ਰੁਪਏ ਦੀ ਕੀਮਤ ਨਾਲ ਬਣੀ ਸੁਰੰਗ ਦੇਸ਼ ਦੀ ਰੱਖਿਆ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਅਟਲ ਸੁਰੰਗ ਦਾ ਡਿਜ਼ਾਈਨ ਰੋਜ਼ਾਨਾ 3 ਹਜ਼ਾਰ ਕਾਰਾਂ ਅਤੇ 1500 ਟਰੱਕਾਂ ਲਈ ਤਿਆਰ ਕੀਤਾ ਗਿਆ ਹੈ, ਜਿਸ 'ਚ ਵਾਹਨਾਂ ਦੀ ਵਧੇਰੇ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਰੋਹਤਾਂਗ ਦਰਰੇ ਹੇਠਾਂ ਰਣਨੀਤਕ ਰੂਪ ਤੋਂ ਮਹੱਤਵਪੂਰਨ ਇਸ ਸੁਰੰਗ ਦਾ ਨਿਰਮਾਣ ਕਰਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਸੁਰੰਗ ਦੇ ਦੱਖਣੀ ਪੋਰਟਲ 'ਤੇ ਸੰਪਰਕ ਮਾਰਗ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ। ਮੋਦੀ ਸਰਕਾਰ ਨੇ ਦਸੰਬਰ 2019 ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ਵਿਚ ਸੁਰੰਗ ਦਾ ਨਾਂ ਅਟਲ ਸੁਰੰਗ ਰੱਖਣ ਦਾ ਫ਼ੈਸਲਾ ਕੀਤਾ ਸੀ।
RBI ਨੇ 6 ਸਰਕਾਰੀ ਬੈਂਕਾਂ ਨੂੰ ਇਸ ਸੂਚੀ ਤੋਂ ਕੱਢਿਆ ਬਾਹਰ, ਇਸ ਕਾਰਨ ਲਿਆ ਫ਼ੈਸਲਾ
NEXT STORY