ਨੈਸ਼ਨਲ ਡੈਸਕ : ਭਾਰਤ ਦੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਹੋਈਆਂ ਚੋਣਾਂ ਦਾ ਨਤੀਜਾ ਆ ਗਿਆ ਹੈ, ਜਿਸ ’ਚ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਐੱਨ. ਡੀ. ਏ.) ਦੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 528 ਵੋਟਾਂ ਪ੍ਰਾਪਤ ਹੋਈਆਂ, ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਪਈਆਂ। ਇਸ ਤਰ੍ਹਾਂ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਨਾਲ ਹਰਾਇਆ। ਇਸ ਤਰ੍ਹਾਂ ਐੱਨ. ਡੀ. ਏ. ਉਮੀਦਵਾਰ ਧਨਖੜ ਨੇ ਵੱਡੀ ਜਿੱਤ ਦਰਜ ਕੀਤੀ। ਇਸ ਦੌਰਾਨ 780 ’ਚੋਂ 725 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਦੀ ਚੋਣ ’ਚ ਵੋਟ ਦੀ ਵਰਤੋਂ ਕੀਤੀ। ਭਾਜਪਾ ਦੇ ਦੋ ਸੰਸਦ ਮੈਂਬਰ ਸਿਹਤ ਕਾਰਨਾਂ ਕਰਕੇ ਵੋਟ ਨਹੀਂ ਪਾ ਸਕੇ। ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਤੇ ਸੰਜੇ ਧੋਤਰੇ ਨੇ ਵੋਟ ਨਹੀਂ ਪਾਈ। ਟੀ.ਐੱਮ.ਸੀ. ਦੇ ਦੋ ਸੰਸਦ ਮੈਂਬਰਾਂ ਸ਼ਿਸ਼ੀਰ ਅਧਿਕਾਰੀ ਅਤੇ ਭਰਾ ਦੁਬਯੇਂਦੂ ਅਧਿਕਾਰੀ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਦਕਿ ਟੀ.ਐੱਮ.ਸੀ. ਨੇ ਵੋਟਿੰਗ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਦਿੱਲੀ ਸ਼ਰਾਬ ਨੀਤੀ : ਸਿਸੋਦੀਆ ’ਤੇ ਭਾਜਪਾ ਦਾ ਪਲਟਵਾਰ, ਕਿਹਾ-CBI ਜਾਂਚ ਹੋਣ ’ਤੇ ਬੌਖ਼ਲਾਹਟ ਨਜ਼ਰ ਆ ਰਹੀ
ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ’ਚ ਸ਼ਾਮਲ ਹੋਏ। ਓਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵ੍ਹੀਲਚੇਅਰ ’ਤੇ ਸੰਸਦ ਭਵਨ ਪਹੁੰਚੇ ਅਤੇ ਉੱਪ ਰਾਸ਼ਟਰਪਤੀ ਚੋਣ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਭਾਰਤ ਦੇ ਉੱਪ ਰਾਸ਼ਟਰਪਤੀ, ਜੋ ਦੇਸ਼ 'ਚ ਦੂਜਾ ਸਰਵਉੱਚ ਸੰਵਿਧਾਨਕ ਅਹੁਦਾ ਹੈ, ਦੀਆਂ ਚੋਣਾਂ ਇਕ ਚੋਣ ਮੰਡਲ ਦੇ ਮਾਧਿਅਮ ਨਾਲ ਹੁੰਦੀਆਂ ਹਨ, ਜਿਸ ’ਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਹੁੰਦੇ ਹਨ। ਪੇਸ਼ੇ ਤੋਂ ਵਕੀਲ ਧਨਖੜ 1989 ’ਚ ਰਾਜਨੀਤੀ ’ਚ ਸ਼ਾਮਲ ਹੋਏ। ਉਹ ਜੁਲਾਈ 2019 ’ਚ ਪੱਛਮੀ ਬੰਗਾਲ ਦੇ ਰਾਜਪਾਲ ਬਣੇ ਅਤੇ ਉਦੋਂ ਤੋਂ ਮਮਤਾ ਬੈਨਰਜੀ ਸਰਕਾਰ ਨਾਲ ਆਪਣੇ ਅਸ਼ਾਂਤ ਸੰਬੰਧਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਰੂਪ ’ਚ ਆਪਣਾ ਅਸਤੀਫ਼ਾ ਦੇ ਦਿੱਤਾ। ਮਾਰਗਰੇਟ ਅਲਵਾ ਨੇ 19 ਜੁਲਾਈ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਵਿਰੋਧੀ ਦਲਾਂ ਨੇ 17 ਜੁਲਾਈ ਨੂੰ ਰਾਜਸਥਾਨ ਦੇ ਸਾਬਕਾ ਰਾਜਪਾਲ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣੇ ਸੰਯੁਕਤ ਉਮੀਦਵਾਰ ਦੇ ਰੂਪ ’ਚ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ। ਅਲਵਾ ਨੂੰ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਐੱਨ. ਸੀ. ਪੀ. ਸੁਪਰੀਮੋ ਸ਼ਰਦ ਪਵਾਰ ਦੇ ਘਰ 17 ਪਾਰਟੀਆਂ ਦੇ ਵਿਰੋਧੀ ਨੇਤਾਵਾਂ ਦੀ ਬੈਠਕ ’ਚ ਲਿਆ ਗਿਆ।
ਇਹ ਵੀ ਪੜ੍ਹੋ : ਪਟਵਾਰੀਆਂ ਦੀਆਂ ਖ਼ਤਮ ਕੀਤੀਆਂ ਪੋਸਟਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ CM ਮਾਨ ਨੂੰ ਲਿਖਿਆ ਪੱਤਰ
ਦਿੱਲੀ ਸ਼ਰਾਬ ਨੀਤੀ : ਸਿਸੋਦੀਆ ’ਤੇ ਭਾਜਪਾ ਦਾ ਪਲਟਵਾਰ, ਕਿਹਾ-CBI ਜਾਂਚ ਹੋਣ ’ਤੇ ਬੌਖ਼ਲਾਹਟ ਨਜ਼ਰ ਆ ਰਹੀ
NEXT STORY