ਚੰਡੀਗੜ੍ਹ (ਏਜੰਸੀ)- ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.), ਖੁਫੀਆ ਬਿਊਰੋ (ਆਈ.ਬੀ.) ਅਤੇ ਫੌਜੀ ਖੁਫੀਆ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਜੋਤੀ ਮਲਹੋਤਰਾ ਦੇ ਵਿੱਤੀ ਲੈਣ-ਦੇਣ ਅਤੇ ਯਾਤਰਾ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਿਸਾਰ ਦੀ ਰਹਿਣ ਵਾਲੀ ਜੋਤੀ ਮਲਹੋਤਰਾ (33) 'ਟ੍ਰੈਵਲ ਵਿਦ ਜੋ' ਨਾਮਕ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ। ਉਸਨੂੰ 16 ਮਈ ਨੂੰ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਜੋਤੀ ਵਿਰੁੱਧ ਅਧਿਕਾਰਤ ਭੇਦ ਐਕਟ ਅਤੇ ਭਾਰਤੀ ਦੰਡ ਸੰਹਿਤਾ (ਬੀ.ਐੱਨ.ਐੱਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜੋਤੀ ਉਨ੍ਹਾਂ 12 ਵਿਅਕਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਿਛਲੇ 2 ਹਫ਼ਤਿਆਂ ਵਿੱਚ ਜਾਸੂਸੀ ਦੇ ਦੋਸ਼ਾਂ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚਕਰਤਾਵਾਂ ਨੇ ਉੱਤਰੀ ਭਾਰਤ ਵਿੱਚ ਕਥਿਤ ਤੌਰ 'ਤੇ ਪਾਕਿਸਤਾਨ ਨਾਲ ਜੁੜੇ ਇੱਕ ਜਾਸੂਸੀ ਨੈੱਟਵਰਕ ਦੀ ਮੌਜੂਦਗੀ ਵੱਲ ਵੀ ਇਸ਼ਾਰਾ ਕੀਤਾ ਹੈ। ਜੋਤੀ ਦੇ ਯੂਟਿਊਬ ਚੈਨਲ ਦੇ ਇਸ ਵੇਲੇ 3.87 ਲੱਖ ਸਬਸਕ੍ਰਾਈਬਰ ਹਨ। ਜੋਤੀ 2023 ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਵਿੱਚ ਆਈ ਸੀ, ਜਦੋਂ ਉਹ ਗੁਆਂਢੀ ਦੇਸ਼ ਜਾਣ ਲਈ ਵੀਜ਼ਾ ਲੈਣ ਲਈ ਉੱਥੇ ਗਈ ਸੀ। 13 ਮਈ ਨੂੰ ਭਾਰਤ ਨੇ ਜਾਸੂਸੀ ਵਿੱਚ ਸ਼ਾਮਲ ਹੋਣ ਦੇ ਕਾਰਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਇੱਕ ਪਾਕਿਸਤਾਨੀ ਅਧਿਕਾਰੀ ਨੂੰ ਕੱਢ ਦਿੱਤਾ ਸੀ।
ਵੈਟਰਨਰੀ ਹਸਪਤਾਲ 'ਤੇ ਸੀਐੱਮ ਫਲਾਇੰਗ ਦਾ ਛਾਪਾ, ਗੈਰਹਾਜ਼ਰ ਮਿਲੇ ਡਾਕਟਰ; ਹੁਣ ਹੋਵੇਗੀ ਕਾਰਵਾਈ
NEXT STORY