ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ (ਰਾਜਦ) ਨਾਲ ਬੀਤੇ ਸਮੇਂ ਰਹੇ ਗੱਠਜੋੜ ਨੂੰ ‘ਗਲਤੀ’ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਗਲਤੀ ਉਨ੍ਹਾਂ ਤੋਂ ਦੋ ਵਾਰ ਹੋਈ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਕੁਮਾਰ ਨੇ ਇਹ ਟਿੱਪਣੀ ਇਕ ਸਮਾਗਮ ਦੌਰਾਨ ਕੀਤੀ ਜਿੱਥੇ ਉਨ੍ਹਾਂ ਕੇਂਦਰੀ ਸਿਹਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੰਚ ਸਾਂਝਾ ਕੀਤਾ। ਜਨਤਾ ਦਲ (ਯੂ) ਦੇ ਪ੍ਰਧਾਨ ਨੇ ਭਾਜਪਾ ਨਾਲ ਆਪਣੇ ਸਬੰਧਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਡੇ ਸਬੰਧ 1990 ਦੇ ਦਹਾਕੇ ਦੇ ਹਨ। ਬਿਹਾਰ ਵਿਚ ਜੋ ਵੀ ਚੰਗੇ ਕੰਮ ਹੋਏ ਹਨ, ਉਹ ਸਾਡੀ ਅਗਵਾਈ ਵਿਚ ਹੋਏ ਹਨ।
ਨਿਤੀਸ਼ ਦੀ ਪਾਰਟੀ ਦਾ ਨਾਂ ਪਹਿਲਾਂ ਸਮਤਾ ਪਾਰਟੀ ਸੀ। ਉਨ੍ਹਾਂ ਰਾਜਦ ਦਾ ਨਾਂ ਲਏ ਬਿਨਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਜਿਹੜੇ ਲੋਕ ਸੱਤਾ ’ਚ ਸਨ, ਉਨ੍ਹਾਂ ਨੇ ਕੁਝ ਨਹੀਂ ਕੀਤਾ। 2 ਵਾਰ ਉਨ੍ਹਾਂ ਨਾਲ ਜਾਣਾ ਮੇਰੀ ਗਲਤੀ ਸੀ ਪਰ ਮੈਂ ਉਸ ਗਲਤੀ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਮੈਂ ਇਥੇ (ਰਾਜਗ ਵਿਚ ਹੀ) ਰਹਾਂਗਾ।
ਜਨਵਰੀ ’ਚ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਵਿਚ ਵਾਪਸੀ ਕਰਨ ਵਾਲੇ ਬਿਹਾਰ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੌਰਾਨ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੈਲੀਆਂ ਵਿਚ ਕਿਹਾ ਸੀ ਕਿ ਉਹ ਹੁਣ ਹਮੇਸ਼ਾ ਭਾਜਪਾ ਦੇ ਨਾਲ ਹੀ ਰਹਿਣਗੇ।
ਹਾਥਰਸ ਹਾਦਸਾ: ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਕੀਤਾ ਐਲਾਨ
NEXT STORY