ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ ਨੇ ਸੰਸਦ ’ਚ ਜਾਣਕਾਰੀ ਦਿੱਤੀ ਕਿ ਘਰੇਲੂ ਪ੍ਰਵਾਸੀਆਂ ਲਈ ਰਿਮੋਟ ਵੋਟਿੰਗ ਸ਼ੁਰੂ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ ਦੇ 3 ਸਵਾਲਾਂ ਦੇ ਜਵਾਬ ’ਚ ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਦੱਸਿਆ ਕਿ ਦੂਰ-ਦੁਰਾਡੇ ਵੋਟਿੰਗ ਦੀ ਵਰਤੋਂ ਕਰਦੇ ਹੋਏ ਘਰੇਲੂ ਪ੍ਰਵਾਸੀਆਂ ਦੀ ਵੋਟਿੰਗ ਹਿੱਸੇਦਾਰੀ ’ਚ ਸੁਧਾਰ ’ਤੇ ਇਕ ਸੰਕਲਪ ਨੋਟ ਸਾਰੀਆਂ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਭੇਜਿਆ ਗਿਆ ਸੀ।
ਇਸ ਨੋਟ ’ਚ ‘ਪ੍ਰਵਾਸੀ ਵੋਟਰ’ ਨੂੰ ਪਰਿਭਾਸ਼ਿਤ ਕਰਨਾ, ਖੇਤਰੀ ਸੰਕਲਪ ਨੂੰ ਸੰਬੋਧਿਤ ਕਰਨਾ, ਦੂਰ-ਦੁਰਾਡੇ ਦੀ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦਾ ਤਰੀਕਾ, ਚੋਣ ਜ਼ਾਬਤਾ ਲਾਗੂ ਕਰਨਾ, ਆਜ਼ਾਦ ਅਤੇ ਨਿਰਪੱਖ ਮਤਦਾਨ ਨੂੰ ਯਕੀਨੀ ਬਣਾਉਣ ਲਈ ਇਕ ਸ਼ਾਂਤਮਈ ਅਤੇ ਕੰਟਰੋਲ ਮਾਹੌਲ ਸਥਾਪਿਤ ਕਰਨ ਵਰਗੇ ਮਾਮਲੇ ਸ਼ਾਮਲ ਸਨ। ਕਾਨੂੰਨ ਮੰਤਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ 16 ਜਨਵਰੀ ਨੂੰ ਸਿਆਸੀ ਪਾਰਟੀਆਂ ਨਾਲ ਇਸ ਮੁੱਦੇ ’ਤੇ ਚਰਚਾ ਕੀਤੀ ਸੀ ਅਤੇ 28 ਫਰਵਰੀ ਤੱਕ ਸੰਕਲਪ ਨੋਟ ’ਤੇ ਲਿਖਤੀ ਵਿਚਾਰ ਮੰਗੇ ਸਨ। ਵਿਰੋਧੀ ਪਾਰਟੀਆਂ ਨੇ 16 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਸੱਦੀ ਗਈ ਮੀਟਿੰਗ ’ਚ ਇਸ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ ਸੀ।
ਸਵਾਲ ਅਤੇ ਸਰਕਾਰ ਦੇ ਜਵਾਬ
1. ਕੀ ਸਰਕਾਰ ਘਰੇਲੂ ਪ੍ਰਵਾਸੀਆਂ ਲਈ ਦੂਰ-ਦੁਰਾਡੇ ਦੀ ਵੋਟਿੰਗ ਦਾ ਕੋਈ ਪ੍ਰਸਤਾਵ ਲਿਆ ਰਹੀ ਹੈ?
ਅਜਿਹਾ ਕੋਈ ਪ੍ਰਸਤਾਵ ਨਹੀਂ
2. ਕੀ ਸਰਕਾਰ ਨੇ ਇਸ ਪ੍ਰਣਾਲੀ ਨਾਲ ਜੁੜੀਆਂ ਖਾਮੀਆਂ ਦਾ ਪਤਾ ਲਗਾਉਣ ਲਈ ਕੋਈ ਅਧਿਐਨ ਕਰਵਾਇਆ ਹੈ?
ਪ੍ਰਸਤਾਵ ਨਹੀਂ ਇਸ ਲਈ ਕੋਈ ਅਧਿਐਨ ਨਹੀਂ
3. ਕੀ ਇਸ ਸਬੰਧ ’ਚ ਰਾਜਨੀਤਿਕ ਹਿੱਸੇਦਾਰਾਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਗਿਆ ਹੈ?
ਸੰਕਲਪ ਨੋਟ ਭੇਜਿਆ, ਵਿਰੋਧੀ ਪਾਰਟੀ ਵਿਰੋਧ ’ਚ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ! BSF ਤੋਂ ਬਾਅਦ ਹੁਣ CISF ਭਰਤੀ 'ਚ ਵੀ ਮਿਲੇਗਾ 10 ਫੀਸਦੀ ਰਾਖਵਾਂਕਰਨ
NEXT STORY