ਨਵੀਂ ਦਿੱਲੀ, (ਭਾਸ਼ਾ)- ਪ੍ਰਵਾਸੀ ਭਾਰਤੀਆਂ ਨੇ ਕੁਝ ਸਮਾਂ ਪਹਿਲਾਂ ਵੋਟਰਾਂ ਵਜੋਂ ਨਾਂ ਦਰਜ ਕਰਵਾਉਣ ’ਚ ਭਾਰੀ ਉਤਸ਼ਾਹ ਵਿਖਾਇਆ ਸੀ। ਲਗਭਗ 1.2 ਲੱਖ ਅਜਿਹੇ ਵਿਅਕਤੀਆਂ ਨੇ ਵੋਟਰ ਸੂਚੀਆਂ ’ਚ ਆਪਣਾ ਨਾਂ ਦਰਜ ਕਰਵਾਇਆ ਪਰ ਇਸ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ’ਚ ਬਹੁਤ ਘੱਟ ਅਜਿਹੇ ਵਿਅਕਤੀ ਆਪਣੀ ਵੋਟ ਦੀ ਵਰਤੋਂ ਕਰਨ ਲਈ ਆਏ।
ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2024 ’ਚ 1,19,374 ਐੱਨ. ਆਰ. ਆਈ. ਵੋਟਰ ਰਜਿਸਟਰ ਹੋਏ ਜਿਨ੍ਹਾਂ ’ਚੋਂ ਕੇਰਲ ’ਚ ਸਭ ਤੋਂ ਵੱਧ 89,839 ਸਨ। 2019 ’ਚ 99,844 ਪ੍ਰਵਾਸੀ ਭਾਰਤੀਆਂ ਨੇ ਖੁਦ ਨੂੰ ਰਜਿਸਟਰਡ ਕੀਤਾ ਸੀ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਰਾਜੀ ਪ੍ਰਕਿਰਿਆ ’ਚ ਹਿੱਸਾ ਲੈਣ ਲਈ ਸਿਰਫ 2,958 ਵਿਦੇਸ਼ੀ ਵੋਟਰ ਹੀ ਭਾਰਤ ਆਏ। ਇਨ੍ਹਾਂ ’ਚੋਂ 2,670 ਇਕੱਲੇ ਕੇਰਲ ਦੇ ਸਨ। ਕਰਨਾਟਕ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਕਈ ਵੱਡੇ ਸੂਬਿਆਂ ’ਚ ਪ੍ਰਵਾਸੀ ਵੋਟਰਾਂ ਦਾ ਕੋਈ ਯੋਗਦਾਨ ਨਹੀਂ ਵੇਖਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ’ਚ ਲੋਕ ਸਭਾ ਦੀਆਂ ਚੋਣਾਂ ’ਚ 885 ਪ੍ਰਵਾਸੀ ਵੋਟਰਾਂ ’ਚੋਂ ਸਿਰਫ਼ 2 ਨੇ ਹੀ ਵੋਟ ਪਾਈ। ਮਹਾਰਾਸ਼ਟਰ ’ਚ ਵੀ ਸਥਿਤੀ ਲਗਭਗ ਅਜਿਹੀ ਹੀ ਸੀ। ਉੱਥੇ 5,097 ਐੱਨ. ਆਰ. ਆਈ. ਵੋਟਰਾਂ ’ਚੋਂ ਸਿਰਫ਼ 17 ਨੇ ਹੀ ਵੋਟ ਪਾਈ।
ਮੌਜੂਦਾ ਚੋਣ ਕਾਨੂੰਨ ਅਨੁਸਾਰ ਰਜਿਸਟਰਡ ਐੱਨ. ਆਰ. ਆਈ. ਵੋਟਰਾਂ ਨੂੰ ਵੋਟ ਪਾਉਣ ਲਈ ਆਪੋ-ਆਪਣੇ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ’ਚ ਆਉਣਾ ਪੈਂਦਾ ਹੈ। ਨਾਲ ਹੀ ਆਪਣੀ ਪਛਾਣ ਦੇ ਸਬੂਤ ਵਜੋਂ ਆਪਣਾ ਅਸਲੀ ਪਾਸਪੋਰਟ ਵਿਖਾਉਣਾ ਪੈਂਦਾ ਹੈ।
ਆਸਾਮ ’ਚ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਬਰਾਮਦ, 2 ਗ੍ਰਿਫਤਾਰ
NEXT STORY