ਓਡੀਸ਼ਾ— ਓਡੀਸ਼ਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼ਨੀਵਾਰ ਨੂੰ ਟਰਾਂਸਜੈਂਡਰ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲਿਆ ਹੈ। 27 ਸਾਲਾ ਟਰਾਂਸਜੈਂਡਰ ਕਾਜਲ ਨਾਇਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਾਜਪੁਰ ਜ਼ਿਲੇ ਦੇ ਕੋਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੇਗੀ। ਕਾਜਲ ਇਕ ਸਮਾਜ ਸੇਵਿਕਾ ਹੈ, ਉਹ ਜਾਜਪੁਰ ਖੇਤਰ ਤੋਂ ਹੈ। ਬਸਪਾ ਵਲੋਂ ਉਮੀਦਵਾਰ ਬਣਾਏ ਜਾਣ 'ਤੇ ਕਾਜਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਬਸਪਾ ਨੇ ਮੈਨੂੰ ਟਿਕਟ ਦਿੱਤੀ ਅਤੇ ਇੱਥੋਂ ਉਮੀਦਵਾਰ ਐਲਾਨ ਕੀਤਾ। ਮੈਂ ਕਈ ਸਿਆਸੀ ਦਲਾਂ ਨਾਲ ਸਪੰਰਕ ਕੀਤਾ ਸੀ ਪਰ ਕਿਸੇ ਨੇ ਮੈਨੂੰ ਟਿਕਟ ਨਹੀਂ ਦਿੱਤੀ। ਮੈਂ ਬਸਪਾ ਦੀ ਬਹੁਤ ਹੀ ਧੰਨਵਾਦੀ ਹਾਂ ਕਿ ਪਾਰਟੀ ਨੇ ਮੇਰੇ 'ਤੇ ਭਰੋਸਾ ਜਤਾਇਆ, ਟਰਾਂਸਜੈਂਡਰ ਭਾਈਚਾਰੇ 'ਤੇ ਭਰੋਸਾ ਜਤਾਇਆ।

ਜ਼ਿਕਰਯੋਗ ਹੈ ਕਿ ਕਾਜਲ ਨਾਇਕ ਜਾਜਪੁਰ 'ਚ ਟਰਾਂਸਜੈਂਡਰ ਭਾਈਚਾਰੇ ਦੀ ਪ੍ਰਧਾਨ ਹੈ ਅਤੇ ਉਹ ਟਰਾਂਸਜੈਂਡਰ ਦੇ ਅਧਿਕਾਰਾਂ ਲਈ ਕਾਫੀ ਸਮੇਂ ਤੋਂ ਲੜਦੀ ਆ ਰਹੀ ਹੈ। ਕਾਜਲ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਕਈ ਮੁੱਦੇ ਹਨ, ਜਿਸ ਵਿਚ ਟਰਾਂਸਜੈਂਡਰ ਦਾ ਵੀ ਮੁੱਦਾ ਸ਼ਾਮਲ ਹੈ। ਉਹ ਇਨ੍ਹਾਂ ਤਮਾਮ ਮੁੱਦਿਆਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦਰਮਿਆਨ ਚੁੱਕੇਗੀ। ਬਸਪਾ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਬਸਪਾ ਦੇ ਨੇਤਾ ਕ੍ਰਿਸ਼ਣਾ ਚੰਦਰ ਸਗਰੀਆ ਨੇ ਕਿਹਾ ਕਿ ਪਾਰਟੀ ਸਮਾਜਿਕ ਵਿਕਾਸ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਵਧਣ 'ਚ ਭਰੋਸਾ ਕਰਦੀ ਹੈ। ਕੋਈ ਵੀ ਟਰਾਂਸਜੈਂਡਰ ਬਾਰੇ ਗੱਲ ਨਹੀਂ ਕਰਦਾ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਵਿਕਾਸ ਹੋਵੇ ਤਾਂ ਉਨ੍ਹਾਂ ਨੂੰ ਵੀ ਮੁੱਖ ਧਾਰਾ ਵਿਚ ਲਿਆਉਣਾ ਹੋਵੇਗਾ। ਇੱਥੇ ਦੱਸ ਦੇਈਏ ਕਿ ਓਡੀਸ਼ਾ ਵਿਚ ਕੁੱਲ 147 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੇ ਵਿਧਾਨ ਸਭਾ ਚੋਣਾਂ, 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਨਾਲ ਹੋਣਗੀਆਂ।
ਹਿਮਾਚਲ ਸਮੇਤ ਕਈ ਇਲਾਕਿਆਂ 'ਚ ਹੋਈ ਬਰਫਬਾਰੀ, ਬਦਰੀਨਾਥ 'ਚ 10 ਫੁੱਟ ਤੱਕ ਬਰਫਬਾਰੀ
NEXT STORY