ਨਵੀਂ ਦਿੱਲੀ: ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਮਸ਼ਹੂਰ ਟੈਕ ਕੰਪਨੀ Nothing ਦੇ ਸਹਿ-ਸੰਸਥਾਪਕ ਕਾਰਲ ਪੇਈ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਰਟਫੋਨਾਂ ਦੀਆਂ ਕੀਮਤਾਂ 'ਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ। ਪੇਈ ਮੁਤਾਬਕ, ਸਾਲ 2026 ਖਪਤਕਾਰ ਇਲੈਕਟ੍ਰੋਨਿਕਸ, ਖਾਸ ਕਰ ਕੇ ਸਮਾਰਟਫੋਨ ਉਦਯੋਗ ਲਈ ਇੱਕ 'ਟਰਨਿੰਗ ਪੁਆਇੰਟ' ਸਾਬਤ ਹੋਵੇਗਾ।
AI ਹੈ ਵਧਦੀਆਂ ਕੀਮਤਾਂ ਦਾ ਅਸਲ ਕਾਰਨ
ਸਰੋਤਾਂ ਅਨੁਸਾਰ, ਇਸ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ AI ਦਾ ਤੇਜ਼ੀ ਨਾਲ ਵਧ ਰਿਹਾ ਪ੍ਰਭਾਵ ਹੈ। ਅੱਜਕੱਲ੍ਹ AI ਡਾਟਾ ਸੈਂਟਰਾਂ 'ਚ ਉਸੇ ਮੈਮੋਰੀ ਦੀ ਭਾਰੀ ਮੰਗ ਹੈ ਜੋ ਸਮਾਰਟਫੋਨਾਂ 'ਚ ਵਰਤੀ ਜਾਂਦੀ ਹੈ। ਵੱਡੀਆਂ ਟੈਕ ਕੰਪਨੀਆਂ ਨੇ ਆਉਣ ਵਾਲੇ ਸਾਲਾਂ ਲਈ ਚਿੱਪਾਂ ਦੀ ਸਪਲਾਈ ਪਹਿਲਾਂ ਹੀ ਬੁੱਕ ਕਰ ਲਈ ਹੈ, ਜਿਸ ਕਾਰਨ ਸਮਾਰਟਫੋਨ ਕੰਪਨੀਆਂ ਨੂੰ ਪੁਰਜ਼ਿਆਂ ਲਈ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੀਮਤਾਂ ਤੇਜ਼ੀ ਨਾਲ ਉੱਪਰ ਜਾ ਰਹੀਆਂ ਹਨ।
ਮੈਮੋਰੀ ਦੀਆਂ ਕੀਮਤਾਂ 'ਚ 3 ਗੁਣਾ ਵਾਧਾ
ਕਾਰਲ ਪੇਈ ਨੇ ਦੱਸਿਆ ਕਿ ਮੈਮੋਰੀ ਦੀ ਲਾਗਤ ਪਹਿਲਾਂ ਹੀ ਕਾਫੀ ਵਧ ਚੁੱਕੀ ਹੈ। ਕੁਝ ਮਾਮਲਿਆਂ 'ਚ ਮੈਮੋਰੀ ਦੀਆਂ ਕੀਮਤਾਂ 'ਚ 3 ਗੁਣਾ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੋ ਮੈਮੋਰੀ ਮਾਡਿਊਲ ਇੱਕ ਸਾਲ ਪਹਿਲਾਂ 20 ਡਾਲਰ ਤੋਂ ਘੱਟ ਦੇ ਮਿਲਦੇ ਸਨ, ਇਸ ਸਾਲ ਦੇ ਅੰਤ ਤੱਕ ਚੋਟੀ ਦੇ ਫੋਨਾਂ ਲਈ ਉਨ੍ਹਾਂ ਦੀ ਕੀਮਤ 100 ਡਾਲਰ ਨੂੰ ਪਾਰ ਕਰ ਸਕਦੀ ਹੈ।
ਕੰਪਨੀਆਂ ਸਾਹਮਣੇ ਹੋਣਗੀਆਂ ਵੱਡੀਆਂ ਚੁਣੌਤੀਆਂ
ਇਸ ਸਥਿਤੀ ਕਾਰਨ ਸਮਾਰਟਫੋਨ ਬ੍ਰਾਂਡਾਂ ਕੋਲ ਹੁਣ ਦੋ ਹੀ ਮੁਸ਼ਕਲ ਵਿਕਲਪ ਬਚੇ ਹਨ।
1. ਫੋਨ ਦੀਆਂ ਕੀਮਤਾਂ 'ਚ 30 ਫੀਸਦੀ ਜਾਂ ਇਸ ਤੋਂ ਵੱਧ ਦਾ ਵਾਧਾ ਕਰਨਾ।
2. ਜਾਂ ਫਿਰ ਫੋਨ ਦੇ ਫੀਚਰਜ਼ (Specs) 'ਚ ਕਟੌਤੀ ਕਰਨਾ।
ਘੱਟ ਕੀਮਤ 'ਚ ਜ਼ਿਆਦਾ ਫੀਚਰ ਦੇਣ ਦਾ ਦੌਰ ਹੁਣ ਖਤਮ ਹੁੰਦਾ ਜਾ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਬਜਟ ਅਤੇ ਮਿਡ-ਰੇਂਜ ਫੋਨਾਂ 'ਤੇ ਪਵੇਗਾ। Nothing ਕੰਪਨੀ ਦੇ ਆਪਣੇ ਸਮਾਰਟਫੋਨਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ।
"ਸਸਤੇ ਸਿਲੀਕਾਨ" ਦੇ ਯੁੱਗ ਦਾ ਅੰਤ
ਪੇਈ ਦਾ ਮੰਨਣਾ ਹੈ ਕਿ ਸਾਲ 2026 ਵਿੱਚ ਫੋਨਾਂ ਦੇ ਸਪੈਸੀਫਿਕੇਸ਼ਨ (Specs) ਦੀ ਦੌੜ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ, "ਸਸਤੇ ਸਿਲੀਕਾਨ ਦਾ ਯੁੱਗ ਖਤਮ ਹੋ ਗਿਆ ਹੈ ਅਤੇ ਹੁਣ ਇਨਟੈਂਸ਼ਨਲ ਡਿਜ਼ਾਈਨ (Intentional Design) ਦਾ ਦੌਰ ਸ਼ੁਰੂ ਹੋ ਰਿਹਾ ਹੈ।" ਹੁਣ ਕੰਪਨੀਆਂ ਸਿਰਫ ਨੰਬਰਾਂ ਦੀ ਬਜਾਏ ਇਸ ਗੱਲ 'ਤੇ ਧਿਆਨ ਦੇਣਗੀਆਂ ਕਿ ਫੋਨ ਦਿਖਣ ਤੇ ਵਰਤਣ 'ਚ ਕਿਹੋ ਜਿਹਾ ਅਨੁਭਵ ਦਿੰਦਾ ਹੈ। ਸੰਖੇਪ 'ਚ ਆਉਣ ਵਾਲੇ ਸਮੇਂ 'ਚ ਗਾਹਕਾਂ ਨੂੰ ਆਪਣੇ ਮਨਪਸੰਦ ਸਮਾਰਟਫੋਨ ਲਈ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
NEXT STORY