ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ‘ਇਕ ਦੇਸ਼-ਇਕ ਚੋਣ’ ’ਤੇ ਜਾਰੀ ਬਹਿਸ ਨੂੰ ਅੱਗੇ ਵਧਾਉਣ ਅਤੇ ਇਸ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਨਾਲ ਜੁੜਿਆ ਵਿਸ਼ਾ ਹੈ।
ਦਿੱਲੀ ਦੇ ਕਰੀਅੱਪਾ ਪਰੇਡ ਮੈਦਾਨ ਵਿਚ ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਦੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਫੀ ਸਮੇਂ ਤਕ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ ਸਨ ਪਰ ਫਿਰ ਇਹ ਸਿਲਸਿਲਾ ਟੁੱਟ ਗਿਆ। ਇਸ ਦਾ ਦੇਸ਼ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਹਰ ਚੋਣ ਵਿਚ ਵੋਟਰ ਸੂਚੀ ਅਪਡੇਟ ਹੁੰਦੀ ਹੈ, ਬਹੁਤ ਸਾਰੇ ਕੰਮ ਹੁੰਦੇ ਹਨ ਅਤੇ ਇਸ ਵਿਚ ਅਕਸਰ ਸਾਡੇ ਅਧਿਆਪਕਾਂ ਦੀ ਡਿਊਟੀ ਲੱਗਦੀ ਹੈ। ਇਸ ਕਾਰਨ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਵਾਰ-ਵਾਰ ਹੋਣ ਵਾਲੀਆਂ ਚੋਣਾਂ ਕਾਰਨ ਸ਼ਾਸਨ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਦੇਸ਼ ਵਿਚ ‘ਇਕ ਦੇਸ਼-ਇਕ ਚੋਣ’ ’ਤੇ ਬਹਿਸ ਚੱਲ ਰਹੀ ਹੈ ਅਤੇ ਲੋਕ ਆਪੋ-ਆਪਣੇ ਵਿਚਾਰ ਰੱਖ ਰਹੇ ਹਨ।
ਉਨ੍ਹਾਂ ਕਿਹਾ, ‘‘ਮੈਂ ਭਾਰਤ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਜਿੱਥੇ ਵੀ ਹੋ, ਇਸ ਬਹਿਸ ਨੂੰ ਅੱਗੇ ਵਧਾਓ ਅਤੇ ਵੱਡੀ ਗਿਣਤੀ ’ਚ ਇਸ ਵਿਚ ਹਿੱਸਾ ਲਵੋ ਕਿਉਂਕਿ ਇਹ ਤੁਹਾਡੇ ਭਵਿੱਖ ਨਾਲ ਜੁੜਿਆ ਵਿਸ਼ਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਦੇਸ਼ ਦੀ ਸਮਰੱਥਾ ਉਸ ਵੇਲੇ ਵਧਦੀ ਹੈ ਜਦੋਂ ਉਹ ਗੈਰ-ਜ਼ਰੂਰੀ ਰੁਕਾਵਟਾਂ ਤੋਂ ਪਾਰ ਪਾ ਲੈਂਦਾ ਹੈ। ਭਾਰਤ ਵਿਚ ਨੌਜਵਾਨਾਂ ਦੇ ਸਾਹਮਣੇ ਆਈਆਂ ਅਨੇਕਾਂ ਰੁਕਾਵਟਾਂ ਨੂੰ ਬੀਤੇ 10 ਸਾਲਾਂ ਵਿਚ ਹਟਾਉਣ ਦਾ ਕੰਮ ਕੀਤਾ ਗਿਆ ਹੈ। ਇਸ ਨਾਲ ਨੌਜਵਾਨਾਂ ਦੀ ਸਮਰੱਥਾ ਵਧੀ ਹੈ, ਦੇਸ਼ ਦੀ ਸਮਰੱਥਾ ਵਧੀ ਹੈ। ਇਸ ਸਾਲ ਗਣਤੰਤਰ ਦਿਵਸ ਕੈਂਪ ਵਿਚ ਕੁਲ 2,361 ਐੱਨ. ਸੀ. ਸੀ. ਕੈਡੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 917 ਕੈਡੇਟ ਕੁੜੀਆਂ ਵੀ ਸ਼ਾਮਲ ਸਨ। ਇਹ ਗਿਣਤੀ ਦੇ ਹਿਸਾਬ ਨਾਲ ਕੈਡੇਟ ਕੁੜੀਆਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਹਿੱਸੇਦਾਰੀ ਸੀ। ਇਸ ਰੈਲੀ ਵਿਚ ਇਨ੍ਹਾਂ ਕੈਡੇਟਾਂ ਦੀ ਹਿੱਸੇਦਾਰੀ ਨਵੀਂ ਦਿੱਲੀ ’ਚ ਮਹੀਨਾ ਭਰ ਚੱਲਣ ਵਾਲੇ ਐੱਨ. ਸੀ. ਸੀ. ਗਣਤੰਤਰ ਦਿਵਸ ਕੈਂਪ 2025 ਦੀ ਸਫਲ ਸਮਾਪਤੀ ਦਾ ਪ੍ਰਤੀਕ ਵੀ ਹੁੰਦੀ ਹੈ। ਇਸ ਸਾਲ ਦੀ ਐੱਨ. ਸੀ. ਸੀ. ਰੈਲੀ ਦਾ ਵਿਸ਼ਾ ‘ਯੁਵਾ ਸ਼ਕਤੀ, ਵਿਕਸਿਤ ਭਾਰਤ’ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 75 ਸਾਲਾਂ ਦੇ ਗਣਤੰਤਰ ਵਿਚ ਭਾਰਤ ਦੇ ਸੰਵਿਧਾਨ ਨੇ ਹਰ ਸਮੇਂ ਦੇਸ਼ ਨੂੰ ਲੋਕਤੰਤਰ ਸਬੰਧੀ ਪ੍ਰੇਰਣਾ ਦਿੱਤੀ ਅਤੇ ਨਾਗਰਿਕ ਫਰਜ਼ਾਂ ਦੀ ਅਹਿਮੀਅਤ ਸਮਝਾਈ। ਇਸੇ ਤਰ੍ਹਾਂ ਐੱਨ. ਸੀ. ਸੀ. ਨੇ ਵੀ ਹਰ ਸਮੇਂ ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਅਹਿਮੀਅਤ ਸਮਝਾਈ। ਨੌਜਵਾਨ 21ਵੀਂ ਸਦੀ ’ਚ ਭਾਰਤ ਦੇ ਨਾਲ ਹੀ ਦੁਨੀਆ ਦੇ ਵਿਕਾਸ ਨੂੰ ਨਿਰਧਾਰਤ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਸਿਰਫ ਭਾਰਤ ਲਈ ਹੀ ਨਹੀਂ, ਸਗੋਂ ਸੰਸਾਰਕ ਭਲਾਈ ਲਈ ਵੀ ਵੱਡੀ ਤਾਕਤ ਹਨ। ਅੱਜ ਦੁਨੀਆ ਇਸ ਗੱਲ ਨੂੰ ਮੰਨ ਰਹੀ ਹੈ।
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ਤੋਂ ਬਾਅਦ 800 ਤੋਂ ਵੱਧ ਕੈਡੇਟਸ ਵੱਲੋਂ ਰਾਸ਼ਟਰ ਨਿਰਮਾਣ ਪ੍ਰਤੀ ਐੱਨ. ਸੀ. ਸੀ. ਦੀ ਵਚਨਬੱਧਤਾ ਨੂੰ ਦਰਸਾਉਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਥਾਣੇ ’ਚ ਡਾਕਟਰ ਪਤੀ ਦਾ ਹੋਇਆ ਬਟਵਾਰਾ, 3-3 ਦਿਨ ਦੋਵਾਂ ਪਤਨੀਆਂ ਨਾਲ ਰਹੇਗਾ, ਇਕ ਦਿਨ ਮਾਂ ਨਾਲ
NEXT STORY