ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਰਾਸ਼ਟਰ-ਇਕ ਚੋਣ’ ’ਤੇ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੇ ਜਾਣ ਨੂੰ ਲੋਕਰਾਜ ਨੂੰ ਹੋਰ ਮਜ਼ਬੂਤ ਤੇ ਸਹਿਯੋਗੀ ਬਣਾਉਣ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ।
ਉਨ੍ਹਾਂ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਮੰਤਰੀ ਮੰਡਲ ਨੇ ਇਕੱਠਿਆਂ ਚੋਣਾਂ ਕਰਵਾਉਣ ਬਾਰੇ ਉੱਚ ਪੱਧਰੀ ਕਮੇਟੀ ਦੀਆਂ ਸ਼ਿਫਾਰਸ਼ਾਂ ਨੂੰ ਮੰਨ ਲਿਆ ਹੈ। ਮੈਂ ਇਸ ਕੋਸ਼ਿਸ਼ ਦੀ ਅਗਵਾਈ ਕਰਨ ਅਤੇ ਹਿੱਸੇਦਾਰਾਂ ਦੀ ਇਕ ਵਿਸ਼ਾਲ ਸ਼੍ਰੇਣੀ ਨਾਲ ਸਲਾਹ-ਮਸ਼ਵਰਾ ਕਰਨ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵਧਾਈ ਦਿੰਦਾ ਹਾਂ।
ਸਪਾ ਤੇ ਬਸਪਾ ਨੇ ਕੀਤੀ ਹਮਾਇਤ
‘ਇਕ ਰਾਸ਼ਟਰ-ਇਕ ਚੋਣ’ ’ਤੇ ਸਮਾਜਵਾਦੀ ਪਾਰਟੀ ਨੇ ਮੋਦੀ ਕੈਬਨਿਟ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਅਸੀਂ ਵੀ ਇਸ ਦੇ ਹੱਕ ਵਿਚ ਹਾਂ। ਅਸੀਂ ਵੀ ਚਾਹੁੰਦੇ ਹਾਂ ਕਿ ਇਕ ਦੇਸ਼ ’ਚ ਇਕ ਹੀ ਚੋਣ ਹੋਵੇ। ਪਾਰਟੀ ਦੇ ਨੇਤਾ ਰਵਿਦਾਸ ਮੇਹਰੋਤਰਾ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਇਸ ਦੇ ਹੱਕ ਵਿਚ ਹੈ।
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ ‘ਇਕ ਰਾਸ਼ਟਰ-ਇਕ ਚੋਣ’ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਉਨ੍ਹਾਂ ਦੀ ਪਾਰਟੀ ਦਾ ਰੁਖ ‘ਹਾਂ-ਪੱਖੀ’ ਹੈ ਪਰ ਇਸ ਦਾ ਮੰਤਵ ਦੇਸ਼ ਤੇ ਲੋਕ ਹਿੱਤਾਂ ਵਿਚ ਹੋਣਾ ਜ਼ਰੂਰੀ ਹੈ।
ਚੋਣ ਸੁਧਾਰਾਂ ਵੱਲ ਹੋਰ ਵੱਡਾ ਕਦਮ : ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਇਕ ਰਾਸ਼ਟਰ-ਇਕ ਚੋਣ’ ਬਾਰੇ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੇ ਜਾਣ ਨੂੰ ਇਤਿਹਾਸਕ ਚੋਣ ਸੁਧਾਰਾਂ ਵੱਲ ‘ਇਕ ਵੱਡਾ ਕਦਮ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਲੋਕਰਾਜ ਨੂੰ ਹੋਰ ਮਜ਼ਬੂਤ ਕਰਨ ਤੇ ਆਰਥਿਕ ਵਿਕਾਸ ਨੂੰ ਰਫਤਾਰ ਦੇਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਜ਼ਬੂਤ ਇੱਛਾ ਸ਼ਕਤੀ’ ਨੂੰ ਦਰਸਾਉਂਦਾ ਹੈ।
ਸ਼ਾਹ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਵੱਡੇ ਸੁਧਾਰਾਂ ਦਾ ਗਵਾਹ ਬਣ ਰਿਹਾ ਹੈ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਖ਼ਤਮ, ਹੋਈ ਬੰਪਰ ਵੋਟਿੰਗ
NEXT STORY