ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਫਰਾਂਸ ਏ. ਆਈ. ਐਕਸ਼ਨ ਸਮਿਟ ’ਚ ਐਲਾਨਿਆ ਅਤੇ ਨਵੀਂ ਦਿੱਲੀ ’ਚ ਆਯੋਜਿਤ ‘ਇੰਡੀਆ-ਏ. ਆਈ. ਇੰਪੈਕਟ ਸਮਿਟ 2026’ ਗਲੋਬਲ ਪੱਧਰ ’ਤੇ ਆਯੋਜਿਤ ਹੋਣ ਵਾਲਾ ਪਹਿਲਾ ਵਿਸ਼ਵਵਿਆਪੀ ਏ. ਆਈ. ਸਿਖਰ ਸੰਮੇਲਨ ਸੀ। ਇਹ ਸੰਮੇਲਨ ਮੌਜੂਦਾ ਬਹੁਪੱਖੀ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੀਆਂ ਤਰਜੀਹਾਂ, ਟੀਚਿਆਂ ਅਤੇ ਸਹਿਯੋਗੀ ਢਾਂਚਿਆਂ ਨੂੰ ਅੱਗੇ ਵਧਾ ਕੇ ਵਿਸ਼ਵਵਿਆਪੀ ਏ. ਆਈ. ਸਹਿਯੋਗ ’ਚ ਠੋਸ ਪ੍ਰਭਾਵ ਅਤੇ ਅਸਲ ਤਰੱਕੀ ਵੱਲ ਵਧੇਗਾ। ਇਸ ਸਿਖਰ ਸੰਮੇਲਨ ਨਾਲ ਇਕ ਅਜਿਹੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਰਿਵਰਤਨਕਾਰੀ ਸ਼ਕਤੀ ਮਨੁੱਖਤਾ ਦੀ ਸੇਵਾ ਕਰੇ, ਸਮਾਵੇਸ਼ੀ ਵਿਕਾਸ ਨੂੰ ਗਤੀ ਦੇਵੇ, ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰੇ ਅਤੇ ਸਾਡੇ ਗ੍ਰਹਿ ਦੀ ਰੱਖਿਆ ਕਰਨ ਵਾਲੀਆਂ ਜਨ-ਕੇਂਦਰਿਤ ਖੋਜਾਂ ਨੂੰ ਉਤਸ਼ਾਹਿਤ ਕਰੇ।
ਇਸ ਦਾ ਉਦੇਸ਼ ਵਿਸ਼ਵਵਿਆਪੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਜਿਸ ਤਰ੍ਹਾਂ ਪ੍ਰਮਾਣੂ ਟੈਕਨਾਲੋਜੀ ਦਾ ਪਿਛਲੀ ਸਦੀ ’ਚ ਮਹੱਤਵ ਸੀ, ਉਸੇ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸ ਸਦੀ ’ਚ ਮਹੱਤਵ ਹੈ, ਪਰ ਇਸ ਵਾਰ ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਇਹ ਮੌਕਾ ਸਭ ਨੂੰ ਮਿਲੇ। ਅਸੀਂ ਵਿਸ਼ਵ ਪੱਧਰੀ ਕੰਪਿਊਟਿੰਗ ਸਮਰੱਥਾ ਨੂੰ ਇਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਲਾਗਤ ’ਤੇ ਸੁਲਭ ਬਣਾ ਰਹੇ ਹਾਂ, ਜਿਸ ਨਾਲ ਖੋਜ ਅਤੇ ਹਾਂਪੱਖੀ ਬਦਲਾਅ ਸੰਭਵ ਹੋ ਸਕਣਗੇ। ਜੇਕਰ ਭਾਰਤ ਨੇ ਇਕ ਵਿਕਸਿਤ ਰਾਸ਼ਟਰ ਬਣਨਾ ਹੈ, ਤਾਂ ਸਾਨੂੰ ਟੈਕਨਾਲੋਜੀ ਦੀ ਲਹਿਰ ’ਤੇ ਸਵਾਰ ਹੋਣਾ ਪਵੇਗਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸ਼ਾਇਦ ਉਸ ਪਰਿਵਰਤਨ ਨੂੰ ਗਤੀ ਦੇਣ ਵਾਲੀ ਸਭ ਤੋਂ ਮਹੱਤਵਪੂਰਨ ਤਕਨੀਕ ਹੈ। ਇਸ ਨੂੰ ਪ੍ਰਾਪਤ ਕਰਨ ਲਈ, ਸਾਨੂੰ ਅਜਿਹੇ ਸਮਾਵੇਸ਼ੀ ਤੰਤਰਾਂ ਦੀ ਲੋੜ ਹੈ ਜੋ ਇਹ ਯਕੀਨੀ ਬਣਾਉਣ ਕਿ ਲੋਕ ਸਾਰਥਕ ਤਰੀਕਿਆਂ ਨਾਲ ਏ. ਆਈ. ਦੀ ਵਰਤੋਂ ਕਰ ਸਕਣ ਅਤੇ ਉਸ ਤੋਂ ਲਾਭ ਉਠਾ ਸਕਣ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਮਨੁੱਖੀ ਸੱਭਿਅਤਾ ਨੂੰ ਮੌਲਿਕ ਰੂਪ ’ਚ ਨਵਾਂ ਆਕਾਰ ਦੇਣ ਅਤੇ ਸਾਡੀਆਂ ਪ੍ਰਾਪਤੀਆਂ ਦੀਆਂ ਹੱਦਾਂ ਨੂੰ ਵਿਸਥਾਰ ਦੇਣ ਦੇ ਕੰਢੇ ’ਤੇ ਖੜ੍ਹੀ ਹੈ। ਇਹ ਤਕਨੀਕੀ ਕ੍ਰਾਂਤੀ ਮਨੁੱਖੀ ਯਤਨਾਂ ਦੇ ਹਰ ਖੇਤਰ ’ਚ ਬੇਮਿਸਾਲ ਤਰੱਕੀ ਦੇ ਮੌਕੇ ਖੋਲ੍ਹਦੀ ਹੈ, ਨਾਲ ਹੀ ਤੇਜ਼ੀ ਨਾਲ ਗੁੰਝਲਦਾਰ ਅਤੇ ਵਿਕਸਿਤ ਹੋ ਰਹੀ ਭੂ-ਰਾਜਨੀਤਿਕ ਵਿਵਸਥਾ ’ਚ ਸਮਾਜ ਦੀ ਨੀਂਹ ਨੂੰ ਵੀ ਡੂੰਘਾਈ ਨਾਲ ਚੁਣੌਤੀ ਦਿੰਦੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ, ਏ. ਆਈ. ਰਵਾਇਤੀ ਵਿਕਾਸ ਮਾਰਗਾਂ ਨੂੰ ਪਾਰ ਕਰਨ ਦਾ ਇਕ ਬੇਮਿਸਾਲ ਮੌਕਾ ਪ੍ਰਦਾਨ ਕਰਦੀ ਹੈ। ਏ. ਆਈ. ਦੀਆਂ ਬਹੁਪੱਖੀ ਅਤੇ ਬਹੁਭਾਸ਼ੀ ਸਮਰੱਥਾਵਾਂ ਨਵੇਂ ਮੌਕੇ ਪੈਦਾ ਕਰਦੀਆਂ ਹਨ ਜਿਨ੍ਹਾਂ ਰਾਹੀਂ ਲਾਭਾਂ ਨੂੰ ਵਿਆਪਕ ਪੱਧਰ ’ਤੇ ਉਪਲਬਧ ਕਰਵਾਇਆ ਜਾ ਸਕਦਾ ਹੈ।
ਮੋਦੀ ਸਰਕਾਰ ਅਨੁਸਾਰ, ਇਸ ਸਿਖਰ ਸੰਮੇਲਨ ਨਾਲ ਲੰਬੇ ਸਮੇਂ ਦੀਆਂ ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਹੁਲਾਰਾ ਮਿਲਣ ਅਤੇ ਏ. ਆਈ. ਨੂੰ ਆਰਥਿਕ ਵਿਕਾਸ ਦੇ ਇਕ ਪ੍ਰਮੁੱਖ ਸਾਧਨ ਵਜੋਂ ਸਥਾਪਤ ਕਰਨ ਦੀ ਉਮੀਦ ਹੈ। ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏ. ਆਈ. ਦਾ ਲਾਭ ਉਠਾਉਣ ’ਤੇ ਵਿਆਪਕ ਗਲੋਬਲ ਸਹਿਮਤੀ ਹੈ ਪਰ ਸਨਸਨੀ ਫੈਲਾਉਣ ਵਾਲੀਆਂ ਜਾਂ ਡਰ ਪੈਦਾ ਕਰਨ ਵਾਲੀਆਂ ਸੁਰਖੀਆਂ ਤੋਂ ਪਰ੍ਹੇ, ਏ. ਆਈ. ਅਸਲ ’ਚ ਕੀ ਕਰਦੀ ਹੈ? ਇਸ ਦੇ ਫਾਇਦਿਆਂ ਵਿਚ ਸਰਲੀਕਰਨ, ਸਮੇਂ ਦੀ ਬੱਚਤ, ਪੱਖਪਾਤਾਂ ਦਾ ਖਾਤਮਾ ਅਤੇ ਦੁਹਰਾਅ ਵਾਲੇ ਕੰਮਾਂ ਦਾ ਸਵੈ-ਚਾਲਨ ਆਦਿ ਸ਼ਾਮਲ ਹਨ।
ਭਾਰਤ ’ਚ, ਏ. ਆਈ. ਨੇ ਬੇਅੰਤ ਸੰਭਾਵਨਾਵਾਂ ਦਿਖਾਈਆਂ ਹਨ, ਜਿਸ ਨਾਲ ਕਈ ਉਦਯੋਗਾਂ ’ਚ ਨਵੀਨਤਾ ਅਤੇ ਵਿਕਾਸ ਦੇ ਵੱਖ-ਵੱਖ ਮੌਕੇ ਮਿਲ ਰਹੇ ਹਨ। ਇਕ ਜੀਵੰਤ ਡਿਜੀਟਲ ਉਦਯੋਗ ਅਤੇ ਯੋਗ ਵਿਅਕਤੀਆਂ ਦੇ ਵਿਸ਼ਾਲ ਸਮੂਹ ਦੇ ਨਾਲ, ਭਾਰਤ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਭਵਿੱਖ ਉੱਜਵਲ ਹੈ। ਭਾਰਤ ਨੇ ਇਸ ਸਮਿਟ ਰਾਹੀਂ 250 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਵਚਨਬੱਧਤਾ ਹਾਸਲ ਕੀਤੀ ਹੈ, ਜਿਸ ਨਾਲ ਤਕਨੀਕੀ ਖੇਤਰ ’ਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਸਮਿਟ ’ਚ ਇਹ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਕਿ ਏ. ਆਈ. ਤਕਨੀਕ ਦਾ ਲਾਭ ਸਿਰਫ ਵੱਡੇ ਉਦਯੋਗਾਂ ਤੱਕ ਸੀਮਤ ਨਾ ਰਹੇ, ਸਗੋਂ ਕਿਸਾਨ, ਅਧਿਆਪਕ, ਵਿਦਿਆਰਥੀ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਵੀ ਮਿਲ ਸਕੇ।
ਜਿੱਥੇ ਏ. ਆਈ. ਸਮਿਟ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਫਲਤਾ, ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਵੱਲ ਵਧਦਾ ਕਦਮ ਹੈ, ਉੱਥੇ ਹੀ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੇ ਗੈਰ-ਜ਼ਿੰਮੇਵਾਰਾਨਾ ਰਾਜਨੀਤੀ ਦਾ ਸਬੂਤ ਦਿੱਤਾ। ਇਸ ਵਿਸ਼ਵਵਿਆਪੀ ਮੰਚ ’ਤੇ, ਜਿੱਥੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਭਾਰਤ ਦੀ ਤਕਨੀਕੀ ਸਮਰੱਥਾ ਨੂੰ ਦੇਖ ਰਹੇ ਸਨ, ਉੱਥੇ ਕਾਂਗਰਸ ਵਰਕਰਾਂ ਨੇ ਉਨ੍ਹਾਂ ਦੇ ਸਾਹਮਣੇ ਰਾਸ਼ਟਰੀ ਹਿੱਤ ਨੂੰ ਅਣਦੇਖਾ ਕਰ ਕੇ ਅਰਧ-ਨੰਗਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਵੱਲੋਂ ਦੇਸ਼ ਦੇ ਅਕਸ ਨੂੰ ਦੁਨੀਆ ’ਚ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਨਿੰਦਣਯੋਗ ਹੈ। ਜਾਗਰੂਕ ਜਨਤਾ ਸਭ ਦੇਖ ਰਹੀ ਹੈ ਅਤੇ ਸਮੇਂ ਸਿਰ ਉਚਿਤ ਜਵਾਬ ਵੀ ਦੇਵੇਗੀ।
–ਸ਼ਵੇਤ ਮਲਿਕ, ਸਾਬਕਾ ਸੰਸਦ ਮੈਂਬਰ, ਸਾਬਕਾ ਪੰਜਾਬ ਭਾਜਪਾ ਪ੍ਰਧਾਨ
ਰਾਜਨੀਤੀ ਦੇ ਗਲਿਆਰਿਆਂ ’ਤੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਦਾ ਹਾਲ
NEXT STORY