ਨਵੀਂ ਦਿੱਲੀ– ਇਹ ਸੰਭਾਵਨਾ ਹੈ ਕਿ ਬੈਂਕਾਂ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾ ਕੇ ਦੇਸ਼ ’ਚੋਂ ਭੱਜੇ ਮੇਹੁਲ ਚੋਕਸੀ ਨੂੰ ਫੜਨ ਲਈ ਚਲਾਏ ਗਏ ਆਪ੍ਰੇਸ਼ਨ ਦੀ ਕਾਰਵਾਈ ’ਤੇ ਉਲਟ ਅਸਰ ਪੈ ਸਕਦਾ ਹੈ। ਡਰ ਇਹ ਵੀ ਹੈ ਕਿ ਇਸ ਆਪ੍ਰੇਸ਼ਨ ਦਾ ਹਿੱਸਾ ਬਣੇ ਕੁਝ ਅਧਿਕਾਰੀ ਇਸ ਵਿਚ ਗੜਬੜ ਪੈਦਾ ਕਰ ਸਕਦੇ ਹਨ। ਜੋ ਕੁਝ ਡੋਮੀਨਿਕਾ ’ਚ ਹੋਇਆ, ਉਸ ਨੇ ਦੇਸ਼ ਦੇ ਵੱਡੇ ਗੁਪਤਚਰਾਂ ਨੂੰ ਉਸ ‘ਸ਼ਰਮਨਾਕ ਸਥਿਤੀ’ ਦੀ ਯਾਦ ਦਿਵਾ ਦਿੱਤੀ, ਜੋ ਉਨ੍ਹਾਂ ਨੂੰ ਉਸ ਵੇਲੇ ਝੱਲਣੀ ਪਈ ਸੀ ਜਦੋਂ ‘ਆਪ੍ਰੇਸ਼ਨ ਦਾਊਦ ਇਬਰਾਹਿਮ’ ਸ਼ੁਰੂ ਕੀਤਾ ਗਿਆ ਸੀ। ਚੋਕਸੀ ਮਾਮਲੇ ’ਚ ਆਪ੍ਰੇਸ਼ਨ ਅੰਸ਼ਕ ਤੌਰ ’ਤੇ ਸਫਲ ਰਿਹਾ ਪਰ ਮਾਮਲਾ ਡੋਮੀਨਿਕਾ ਦੀ ਅਦਾਲਤ ’ਚ ਫਸ ਗਿਆ ਹੈ।
ਉਂਝ ਡੋਮੀਨਿਕਾ ਸਰਕਾਰ ਨੇ ਇਹ ਭਰੋਸਾ ਦਿੱਤਾ ਹੋਇਆ ਹੈ ਕਿ ਉਹ ਭਗੌੜੇ ਨੂੰ ਭਾਰਤ ਨੂੰ ਵਾਪਸ ਕਰੇਗੀ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ‘ਗੁਪਤ (ਕੋਵਰਟ) ਆਪ੍ਰੇਸ਼ਨ’ ਚਲਾਉਣ ਦੇ ਗੁਰੂ ਹਨ ਅਤੇ ਚੁੱਪਚਾਪ ਆਪਣਾ ਕੰਮ ਕਰਦੇ ਹਨ। ਕੁਝ ਲੋਕਾਂ ਨੂੰ ਹੀ ਪਤਾ ਹੈ ਕਿ ਡੋਭਾਲ ਨੇ ਕਿਵੇਂ ਮਿਜ਼ੋ ਨੈਸ਼ਨਲ ਫਰੰਟ ਦੇ ਵਿਦਰੋਹ ਕਾਲ ਦੌਰਾਨ ਫਰੰਟ ਦੇ ਨੇਤਾ ਲਾਲਡੇਂਗਾ ਦੇ 7 ਵਿਚੋਂ 6 ਕਮਾਂਡਰਾਂ ਨੂੰ ਉਨ੍ਹਾਂ ਤੋਂ ਵੱਖ ਕਰ ਲਿਆ ਸੀ, ਸਾਲਾਂ ਤਕ ਬਰਮਾ ਤੇ ਚੀਨੀ ਖੇਤਰ ਵਿਚ ਰੂਪੋਸ਼ ਰਹੇ, ਸਿੱਕਮ ਦੇ ਭਾਰਤ ’ਚ ਰਲੇਵੇਂ ਵਿਚ ਮੁੱਖ ਭੂਮਿਕਾ ਨਿਭਾਈ, 1988 ਵਿਚ ਰੋਮਾਨੀਆ ਦੇ ਡਿਪਲੋਮੈਟ ਲਿਵਿਯੂ ਰਾਡੋ ਨੂੰ ਬਚਾਇਆ, ਆਪ੍ਰੇਸ਼ਨ ਬਲੈਕ ਥੰਡਰ ਤੋਂ ਪਹਿਲਾਂ ਅੰਮ੍ਰਿਤਸਰ ’ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏ ਅਤੇ 1999 ਵਿਚ ਇੰਡੀਅਨ ਏਅਰਲਾਈਨਜ਼ ਦੇ ਅਗਵਾ ਹੋਏ ਜਹਾਜ਼ (ਉਡਾਣ ਆਈ. ਸੀ.-814) ਨੂੰ ਛੁਡਾਉਣ ਲਈ ਗੱਲਬਾਤ ਚਲਾਈ ਸੀ।
ਡੋਭਾਲ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦਿਆਂ ਮਨਮੋਹਨ ਸਿੰਘ ਸਰਕਾਰ ਨੇ ਜੁਲਾਈ 2004 ਵਿਚ ਉਨ੍ਹਾਂ ਨੂੰ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਬਣਾਇਆ ਸੀ। ਇੱਥੋਂ ਤਕ ਕਿ ਉਨ੍ਹਾਂ ਦੇ ਰਿਟਾਇਰ ਹੋਣ ਤੋਂ ਬਾਅਦ ਯੂ. ਪੀ. ਏ. ਸਰਕਾਰ ਨੇ ‘ਆਪ੍ਰੇਸ਼ਨ ਦਾਊਦ ਇਬਰਾਹਿਮ’ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਸਨ। ਡੋਭਾਲ ਨੇ ਦਾਊਦ ਤੋਂ ਵੱਖ ਹੋ ਚੁੱਕੇ ਛੋਟਾ ਰਾਜਨ ਨੂੰ ਫਸਾ ਲਿਆ ਸੀ। ਦਾਊਦ ਨੇ 2000 ਵਿਚ ਬੈਂਕਾਕ ’ਚ ਛੋਟਾ ਰਾਜਨ ’ਤੇ ਜਾਨਲੇਵਾ ਹਮਲਾ ਕਰਵਾਇਆ ਸੀ ਅਤੇ ਉਹ ਉਸ ਹਮਲੇ ਦਾ ਬਦਲਾ ਲੈਣਾ ਚਾਹੁੰਦਾ ਸੀ।
ਯੂ. ਪੀ. ਏ. ਸਰਕਾਰ ਵਿਚ ਗ੍ਰਹਿ ਸਕੱਤਰ ਅਤੇ ਹੁਣ ਮੋਦੀ ਸਰਕਾਰ ਵਿਚ ਮੰਤਰੀ ਆਰ. ਕੇ. ਸਿੰਘ ਅਨੁਸਾਰ ਦਾਊਦ ਨੂੰ ਖਤਮ ਕਰਨ ਲਈ ਛੋਟਾ ਰਾਜਨ ਦੇ ਗੁਰਗਿਆਂ ਨੂੰ ਭਾਰਤ ਵਿਚ ਇਕ ਖਾਸ ਥਾਂ ’ਤੇ ਸਿਖਲਾਈ ਦਿੱਤੀ ਗਈ ਸੀ। ਖੁਦ ਡੋਭਾਲ ਇਕ ਫਾਈਵ ਸਟਾਰ ਹੋਟਲ ਵਿਚ ਛੋਟਾ ਰਾਜਨ ਦੇ ਨਿਸ਼ਾਨੇਬਾਜ਼ਾਂ ਵਿੱਕੀ ਮਲਹੋਤਰਾ ਤੇ ਫਰੀਦ ਨਤਾਸ਼ਾ ਨੂੰ ਅੱਗੇ ਦੀ ਰਣਨੀਤੀ ਸਮਝਾ ਰਹੇ ਸਨ ਅਤੇ ਦੁਬਈ ਪਹੁੰਚਣ ਲਈ ਉਨ੍ਹਾਂ ਨੂੰ ਫਰਜ਼ੀ ਦਸਤਾਵੇਜ਼ ਫੜਾ ਰਹੇ ਸਨ ਕਿ ਠੀਕ ਉਸੇ ਵੇਲੇ ਉਹ ਹੋਇਆ ਜਿਸ ਦਾ ਇਸ ਗੁਪਤਚਰ ਗੁਰੂ ਨੂੰ ਵੀ ਅੰਦਾਜ਼ਾ ਨਹੀਂ ਸੀ। ਮੁੰਬਈ ਪੁਲਸ ਦੇ ਅਧਿਕਾਰੀ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਲਈ ਆ ਪਹੁੰਚੇ। ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਭਾਰਤੀ ਜੇਮਸ ਬਾਂਡ (ਪਰਦੇ ਦੇ ਪਿੱਛੇ ਰਹਿਣ ਵਾਲੇ) ਆਪਣਾ ਆਪਾ ਗੁਆ ਬੈਠੇ। ਉਨ੍ਹਾਂ ਡੀ. ਸੀ. ਪੀ. ਦੀ ਅਗਵਾਈ ’ਚ ਪਹੁੰਚੀ ਮੁੰਬਈ ਪੁਲਸ ਦੀ ਟੀਮ ਨੂੰ ਇਹ ਸਮਝਾਉਣ ਦਾ ਪੂਰਾ ਯਤਨ ਕੀਤਾ ਕਿ ਉਹ ਅਸਲ ’ਚ ਕੌਣ ਹਨ ਪਰ ਪੁਲਸ ਕੁਝ ਸੁਣਨ ਲਈ ਤਿਆਰ ਨਹੀਂ ਸੀ।
ਇੰਝ ਭਾਰਤੀ ਸੁਰੱਖਿਆ ਏਜੰਸੀਆਂ ਦੀ ਆਪਸੀ ਲੜਾਈ ਕਾਰਨ ਅੰਡਰਵਰਲਡ ਡਾਨ ਨੂੰ ਖਤਮ ਕਰਨ ਲਈ ਚਲਾਏ ਗਏ ਵੱਡੇ ਆਪ੍ਰੇਸ਼ਨ ਦਾ ਭਾਂਡਾ ਭੰਨਿਆ ਗਿਆ ਸੀ। ਇਸ ਤਰ੍ਹਾਂ ਦੇ ਨਾਕਾਮ ਆਪ੍ਰੇਸ਼ਨਾਂ ਤੋਂ ਸਬਕ ਲਿਆ ਗਿਆ ਅਤੇ ਇਕ ਨਵੀਂ ਵਿਵਸਥਾ ਬਣਾਈ ਗਈ। ਹੁਣ ਸਾਰੀਆਂ ਖੁਫੀਆ ਏਜੰਸੀਆਂ ਕੌਮੀ ਸੁਰੱਖਿਆ ਸਲਾਹਕਾਰ ਦੀ ਕਮਾਨ ਵਿਚ ਰੱਖ ਦਿੱਤੀਆਂ ਗਈਆਂ ਹਨ।
ਮੁੜ ਕਿਸਾਨਾਂ ਦੇ ਹੱਕ ’ਚ ਡਟੇ ਰਾਹੁਲ ਗਾਂਧੀ, ਬੋਲੇ- ‘ਨਾ ਡਰੇ ਅੱਜ ਵੀ ਖਰ੍ਹੇ ਹਨ ਕਿਸਾਨ’
NEXT STORY