ਲੇਹ, (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਆਪ੍ਰੇਸ਼ਨ ਸਿੰਧੂਰ ਦੌਰਾਨ ਹਥਿਆਰਬੰਦ ਫੋਰਸਾਂ ‘ਹੋਰ ਵੀ ਬਹੁਤ ਕੁਝ ਕਰ ਸਕਦੀਆਂ ਸਨ’ ਪਰ ਉਨ੍ਹਾਂ ਜਾਣ-ਬੁੱਝ ਕੇ ‘ਸੰਜਮ ਭਰੀ’ ਤੇ ‘ਸੰਤੁਲਿਤ’ ਪ੍ਰਤੀਕਿਰਿਆ ਦਾ ਬਦਲ ਚੁਣਿਆ।
ਉਨ੍ਹਾਂ ਕਿਹਾ ਕਿ ਮਈ ’ਚ ਹੋਏ ਆਪ੍ਰੇਸ਼ਨ ਨੇ ਭਾਰਤੀ ਫੌਜ ਦੀ ਸਮਰੱਥਾ ਤੇ ਅਨੁਸ਼ਾਸਨ ਨੂੰ ਦਰਸਾਇਆ, ਜਿਨ੍ਹਾਂ ਨੇ ਬਿਨਾਂ ਤਣਾਅ ਵਧਾਏ ਅੱਤਵਾਦੀ ਖਤਰਿਆਂ ਨੂੰ ਬੇਅਸਰ ਕਰ ਦਿੱਤਾ।
ਰੱਖਿਆ ਮੰਤਰੀ ਨੇ ਕਿਹਾ,‘‘ਆਪ੍ਰੇਸ਼ਨ ਸਿੰਧੂਰ ਦੌਰਾਨ ਅਸੀਂ ਆਪਣੀਆਂ ਹਥਿਆਰਬੰਦ ਫੋਰਸਾਂ, ਨਾਗਰਿਕ ਪ੍ਰਸ਼ਾਸਨ ਤੇ ਸਰਹੱਦੀ ਇਲਾਕਿਆਂ ਦੇ ਨਾਗਰਿਕਾਂ ਵਿਚਾਲੇ ਜੋ ਤਾਲਮੇਲ ਵੇਖਿਆ, ਉਹ ਵਿਲੱਖਣ ਸੀ। ਮੈਂ ਲੱਦਾਖ ਤੇ ਸਰਹੱਦੀ ਇਲਾਕਿਆਂ ਦੇ ਹਰੇਕ ਨਾਗਰਿਕ ਦਾ ਸਾਡੀਆਂ ਹਥਿਆਰਬੰਦ ਫੋਰਸਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕਰਦਾ ਹਾਂ।’’
ਉਨ੍ਹਾਂ ਕਿਹਾ,‘‘ਇਹ ਤਾਲਮੇਲ ਹੀ ਸਾਡੀ ਪਛਾਣ ਹੈ। ਸਾਡਾ ਆਪਸੀ ਬੰਧਨ ਹੀ ਸਾਨੂੰ ਦੁਨੀਆ ਵਿਚ ਸਭ ਤੋਂ ਵੱਖਰੀ ਪਛਾਣ ਦਿੰਦਾ ਹੈ।’’
ਦੱਸਣਯੋਗ ਹੈ ਕਿ ਆਪ੍ਰੇਸ਼ਨ ਸਿੰਧੂਰ ਭਾਰਤੀ ਹਥਿਆਰਬੰਦ ਫੋਰਸਾਂ ਵੱਲੋਂ 7 ਮਈ ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਟੀਚਾ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ।
ਇਹ ਮੁਹਿੰਮ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 22 ਅਪ੍ਰੈਲ ਨੂੰ ਕੀਤੇ ਗਏ ਉਸ ਹਮਲੇ ਦਾ ਬਦਲਾ ਲੈਣ ਲਈ ਸ਼ੁਰੂ ਕੀਤੀ ਗਈ ਸੀ, ਜਿਸ ਵਿਚ 26 ਵਿਅਕਤੀ ਮਾਰੇ ਗਏ ਸਨ। ਇਸ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।
ਉਨ੍ਹਾਂ ਕਿਹਾ,‘‘ਕੁਝ ਮਹੀਨੇ ਪਹਿਲਾਂ ਅਸੀਂ ਵੇਖਿਆ ਕਿ ਕਿਵੇਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ’ਚ ਸਾਡੀਆਂ ਹਥਿਆਰਬੰਦ ਫੋਰਸਾਂ ਨੇ ਆਪ੍ਰੇਸ਼ਨ ਸਿੰਧੂਰ ਚਲਾਇਆ ਅਤੇ ਦੁਨੀਆ ਜਾਣਦੀ ਹੈ ਕਿ ਅਸੀਂ ਉਨ੍ਹਾਂ ਅੱਤਵਾਦੀਆਂ ਦੇ ਨਾਲ ਕੀ ਕੀਤਾ।’’
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੰਨਾ ਵੱਡਾ ਆਪ੍ਰੇਸ਼ਨ ਮਜ਼ਬੂਤ ਕਨੈਕਟੀਵਿਟੀ ਕਾਰਨ ਹੀ ਸੰਭਵ ਹੋ ਸਕਿਆ। ਸਿੰਘ ਨੇ ਕਿਹਾ,‘‘ਸਾਡੀਆਂ ਹਥਿਆਰਬੰਦ ਫੋਰਸਾਂ ਸਮੇਂ ’ਤੇ ਰਸਦ ਪਹੁੰਚਾਉਣ ’ਚ ਸਮਰੱਥ ਸਨ। ਸਰਹੱਦੀ ਇਲਾਕਿਆਂ ਨਾਲ ਸੰਪਰਕ ਵੀ ਬਣਾਈ ਰੱਖਿਆ ਗਿਆ, ਜਿਸ ਨਾਲ ਆਪ੍ਰੇਸ਼ਨ ਸਿੰਧੂਰ ਨੂੰ ਇਤਿਹਾਸਕ ਸਫਲਤਾ ਮਿਲੀ।’’
ਰੱਖਿਆ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਬਿਹਤਰ ਕਨੈਕਟੀਵਿਟੀ ਸੁਰੱਖਿਆ ਨੂੰ ਕਈ ਤਰੀਕਿਆਂ ਨਾਲ ਬਦਲ ਰਹੀ ਹੈ ਅਤੇ ਜਵਾਨਾਂ ਨੂੰ ਮੁਸ਼ਕਲਾਂ ਭਰੇ ਇਲਾਕਿਆਂ ਵਿਚ ਜ਼ਿਆਦਾ ਅਸਰਦਾਰ ਢੰਗ ਨਾਲ ਕੰਮ ਕਰਨ ’ਚ ਸਮਰੱਥ ਬਣਾ ਰਹੀ ਹੈ।
ਉਨ੍ਹਾਂ ਕਿਹਾ,‘‘ਅੱਜ ਸਾਡੇ ਜਵਾਨ ਮੁਸ਼ਕਲਾਂ ਭਰੇ ਇਲਾਕਿਆਂ ਵਿਚ ਮਜ਼ਬੂਤੀ ਨਾਲ ਖੜ੍ਹੇ ਹਨ ਕਿਉਂਕਿ ਉਨ੍ਹਾਂ ਕੋਲ ਸੜਕਾਂ, ਅਸਲ ਸਮੇਂ ਦੀ ਸੰਚਾਰ ਪ੍ਰਣਾਲੀ, ਉਪਗ੍ਰਹਿ ਸਹਾਇਤਾ, ਨਿਗਰਾਨੀ ਨੈੱਟਵਰਕ ਤੇ ਰਸਦ ਕਨੈਕਟੀਵਿਟੀ ਮੁਹੱਈਆ ਹਨ। ਸਰਹੱਦ ’ਤੇ ਤਾਇਨਾਤ ਇਕ ਜਵਾਨ ਦਾ ਹਰ ਮਿੰਟ, ਹਰ ਸਕਿੰਟ ਬੇਹੱਦ ਅਹਿਮ ਹੈ। ਇਸ ਲਈ ਕਨੈਕਟੀਵਿਟੀ ਨੂੰ ਸਿਰਫ ਨੈੱਟਵਰਕ, ਆਪਟੀਕਲ ਫਾਈਬਰ, ਡਰੋਨ ਤੇ ਰਾਡਾਰ ਤਕ ਸੀਮਿਤ ਨਹੀਂ, ਸਗੋਂ ਸੁਰੱਖਿਆ ਦੀ ਰੀੜ੍ਹ ਮੰਨਿਆ ਜਾਣਾ ਚਾਹੀਦਾ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਜੇ ਉਹ ਦੇਸ਼ ਦੇ ਕਿਸੇ ਵੀ ਕੋਨੇ ’ਚ ਹਥਿਆਰਬੰਦ ਫੋਰਸਾਂ ਨੂੰ ਮਿਲ ਸਕਦੇ ਹਨ ਤਾਂ ਇਹ ਮਜ਼ਬੂਤ ਸੰਚਾਰ ਨੈੱਟਵਰਕ ਤੇ ਕਨੈਕਟੀਵਿਟੀ ਕਾਰਨ ਹੀ ਸੰਭਵ ਹੋਇਆ ਹੈ।
ਅਚਾਨਕ ਕਿਉਂ ਰੋਣ ਲੱਗ ਪੈਂਦੇ ਹਨ ਕੁੱਤੇ ? ਕੀ ਹੈ ਇਸਦੀ ਅਸਲ ਸੱਚਾਈ
NEXT STORY