ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਤਾਜ਼ਾ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਖ਼ਿਲਾਫ਼ ਸਬੂਤ ਲੱਭਣ ਲਈ 300 ਤੋਂ ਵੱਧ ਅਧਿਕਾਰੀ ਲਗਾਏ ਗਏ ਹਨ ਪਰ ਅਜੇ ਤੱਕ ਕੁਝ ਨਹੀਂ ਮਿਲਿਆ, ਕਿਉਂਕਿ ਉਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ 'ਗੰਦੀ ਰਾਜਨੀਤੀ' ਕਰ ਕੇ ਈ.ਡੀ. ਅਤੇ ਸੀ.ਬੀ.ਆਈ. ਦੇ ਸੈਂਕੜੇ ਅਧਿਕਾਰੀਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਆਬਕਾਰੀ ਨੀਤੀ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ 'ਚ 35 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ,"500 ਤੋਂ ਵੱਧ ਛਾਪੇ, ਤਿੰਨ ਮਹੀਨਿਆਂ ਤੋਂ ਸੀ.ਬੀ.ਆਈ./ਈ.ਡੀ. ਦੇ 300 ਤੋਂ ਵੱਧ ਅਧਿਕਾਰੀ 24 ਘੰਟੇ ਲੱਗੇ ਹੋਏ ਹਨ। ਇਕ ਮਨੀਸ਼ ਸਿਸੋਦੀਆ ਖ਼ਿਲਾਫ਼ ਸਬੂਤ ਲੱਭਣ ਲਈ, ਕੁਝ ਨਹੀਂ ਮਿਲ ਰਿਹਾ, ਕਿਉਂਕਿ ਕੁਝ ਕੀਤਾ ਹੀ ਨਹੀਂ।''
ਉਨ੍ਹਾਂ ਕਿਹਾ,''ਆਪਣੀ ਗੰਦੀ ਰਾਜਨੀਤੀ ਲਈ ਇੰਨੇ ਅਧਿਕਾਰੀਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇਸ਼ ਕਿਵੇਂ ਤਰੱਕੀ ਕਰੇਗਾ?'' ਦਿੱਲੀ ਆਬਕਾਰੀ ਨੀਤੀ 2021-22 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਸੀ.ਬੀ.ਆਈ. ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਬਤੌਰ ਦੋਸ਼ੀ ਦਰਜ ਹੈ। ਸੀ.ਬੀ.ਆਈ. ਵਲੋਂ ਮਾਮਲੇ 'ਚ ਐੱਫ.ਆਈ.ਆ. ਦਰਜ ਕਰਨ ਤੋਂ ਬਾਅਦ ਈ.ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਈ.ਡੀ. ਇਸ ਮਾਮਲੇ 'ਚ ਹੁਣ ਤੱਕ 103 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕਰ ਚੁੱਕੀ ਹੈ। ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 'ਚ ਬੇਨਿਯਮੀਆਂ ਦੀਆਂ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ 'ਚ 11 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਸੀ। ਈ.ਡੀ. ਨੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦੁਰਗੇਸ਼ ਪਾਠਕ ਅਤੇ ਤਿਹਾੜ ਜੇਲ੍ਹ 'ਚ ਬੰਦ ਸਤਂਦਰ ਜੈਨ ਤੋਂ ਵੀ ਪੁੱਛ-ਗਿੱਛ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ED ਨੇ ਪੰਜਾਬ ਸਮੇਤ 35 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ED ਨੇ ਪੰਜਾਬ ਸਮੇਤ 35 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
NEXT STORY