ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਿਹਰ 'ਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਟਰੱਕ ਬੈਰੀਕੇਡ ਤੋੜਦੇ ਹੋਏ ਪ੍ਰਦੇਸ਼ਕ ਆਰਮਡ ਕਾਂਸਟੇਬੁਲੇਰੀ (ਪੀ.ਏ.ਸੀ.) ਜਵਾਨਾਂ 'ਤੇ ਜਾ ਚੜ੍ਹਿਆ। ਦਰਅਸਲ ਇਕ ਟੈਂਕਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਕੈਂਪ 'ਤੇ ਚੜ੍ਹ ਗਿਆ, ਜਿੱਥੇ ਜਵਾਨ ਬੈਠੇ ਹੋਏ ਸਨ। ਰਾਸ਼ਟਰੀ ਰਾਜਮਾਰਗ-91 'ਤੇ ਹੋਏ ਇਸ ਭਿਆਨਕ ਹਾਦਸੇ 'ਚ 2 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ 'ਤੇ ਸੋਗ ਜ਼ਾਹਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਕਿਸਾਨ ਅੰਦੋਲਨ ਕਾਰਨ ਇਨ੍ਹਾਂ ਜਵਾਨਾਂ ਦੀ ਡਿਊਟੀ ਹਾਈਵੇਅ 'ਤੇ ਲਗਾਈ ਗਈ ਸੀ। ਜਿੱਥੇ ਇਨ੍ਹਾਂ ਨੇ ਅਸਥਾਈ ਟੈਂਟ ਲਗਾ ਲਿਆ ਸੀ। ਹਾਦਸਾ ਸਵੇਰੇ ਕਰੀਬ 4 ਵਜੇ ਹੋਇਆ ਅਤੇ ਦੋਵੇਂ ਮ੍ਰਿਤਕ ਜਵਾਨ ਗਾਜ਼ੀਆਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਉੱਥੇ ਇਕ ਦਰਜਨ ਜਵਾਨ ਤਾਇਨਾਤ ਸਨ।
ਪੁਲਸ ਸੁਪਰਡੈਂਟ ਨੇ ਕਿਹਾ,''ਬੁਲੰਦਸ਼ਹਿਰ ਦੇ ਸਿਕੰਦਰਾਬਾਦ ਇਲਾਕੇ 'ਚ ਇਕ ਟਰੱਕ ਅਤੇ ਟੈਂਕਰ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਟੈਂਕ ਬੇਕਾਬੂ ਹੋ ਕੇ ਕੈਂਪ 'ਤੇ ਚੜ੍ਹ ਗਿਆ, ਜਿਸ 'ਚ 2 ਪੀ.ਏ.ਸੀ. ਦੇ ਜਵਾਨਾਂ ਦੀ ਮੌਤ ਹੋ ਗਈ।'' ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ 'ਤੇ ਦੁਖ ਜ਼ਾਹਰ ਕੀਤਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਸੀ.ਐੱਮ. ਯੋਗੀ ਨੇ ਪੀ.ਏ.ਸੀ. ਦੇ 2 ਜਵਾਨਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ।
ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਆਈ ਗਿਰਾਵਟ, ਹੁਣ ਤੱਕ 39 ਲੱਖ ਤੋਂ ਵੱਧ ਲੋਕਾਂ ਨੂੰ ਲੱਗਾ ਟੀਕਾ
NEXT STORY