ਨਵੀਂ ਦਿੱਲੀ— ਸਿਆਸਤ ਨੂੰ ਅਪਰਾਧ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 17ਵੀਂ ਲੋਕ ਸਭਾ ਵਿਚ ਲੋਕਤੰਤਰ ਦੇ ਮੰਦਰ ਵਿਚ ਪਹੁੰਚਣ ਵਾਲਿਆਂ ਵਿਚ ਦਾਗ਼ੀ ਉਮੀਦਵਾਰਾਂ ਨੇ ਰਿਕਾਰਡ ਬਣਾਇਆ ਹੈ। ਇਸ ਵਾਰ ਸੰਸਦ ਵਿਚ ਪਹੁੰਚਣ ਵਾਲੇ ਨੇਤਾਵਾਂ ਵਿਚੋਂ 233 (43 ਫੀਸਦੀ) ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਉਥੇ ਹੀ 2014 ਵਿਚ 185 ਦਾਗ਼ੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਨੇ 3 ਸੰਸਦ ਮੈਂਬਰਾਂ ਦੇ ਹਲਫਨਾਮੇ ਵਿਚ ਸਾਫ ਜਾਣਕਾਰੀ ਨਾ ਮਿਲਣ 'ਤੇ 539 ਚੁਣੇ ਹੋਏ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਪੱਤਰਾਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਵਿਚੋਂ ਜੇਤੂ ਉਮੀਦਵਾਰਾਂ ਵਿਚੋਂ 159 (29 ਫੀਸਦੀ) ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿਚ ਜਬਰ-ਜ਼ਨਾਹ, ਹੱਤਿਆ, ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਵਿਰੁੱਧ ਅਪਰਾਧ ਸ਼ਾਮਲ ਹਨ। ਭਾਜਪਾ ਦੇ 301 ਸੰਸਦ ਮੈਂਬਰਾਂ ਵਿਚੋਂ 116, ਕਾਂਗਰਸ ਦੇ 51 ਵਿਚੋਂ 29, ਡੀ. ਐੱਮ. ਕੇ. ਦੇ 23 ਵਿਚੋਂ 10, ਏ. ਆਈ. ਟੀ. ਸੀ. ਦੇ 22 ਵਿਚੋਂ 10 ਅਤੇ ਜਦ (ਯੂ) ਦੇ 16 ਵਿਚੋਂ 13 ਸੰਸਦ ਮੈਂਬਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ।
ਦੁਬਾਰਾ ਚੁਣੇ ਸੰਸਦ ਮੈਂਬਰਾਂ ਦੀ ਜਾਇਦਾਦ ਵਿਚ 29 ਫੀਸਦੀ ਵਾਧਾ—
17ਵੀਂ ਲੋਕ ਸਭਾ ਵਿਚ ਦੁਬਾਰਾ ਚੁਣੇ ਗਏ 225 ਸੰਸਦ ਮੈਂਬਰਾਂ ਦੀ 5 ਸਾਲ ਦੀ ਜਾਇਦਾਦ ਵਿਚ ਵਾਧੇ ਦਾ ਮੁਲਾਂਕਣ ਕੀਤਾ ਗਿਆ। 2014 ਵਿਚ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 17.07 ਕਰੋੜ ਸੀ ਜੋ 2019 ਵਿਚ 21.94 ਕਰੋੜ 'ਤੇ ਪਹੁੰਚ ਗਈ।

ਕੇਰਲ ਤੋਂ ਕਾਂਗਰਸੀ ਸੰਸਦ ਮੈਂਬਰ 'ਤੇ 204 ਮਾਮਲੇ ਦਰਜ—
ਏ. ਡੀ. ਆਰ. ਦੇ ਸਰਵੇ ਵਿਚ 10 ਸੰਸਦ ਮੈਂਬਰਾਂ ਨੇ ਤਾਂ ਅਪਰਾਧਿਕ ਮਾਮਲਿਆਂ ਵਿਚ ਸਜ਼ਾ ਹੋਣ ਤਕ ਦੀ ਗੱਲ ਸਵੀਕਾਰੀ ਹੈ। ਇਨ੍ਹਾਂ ਵਿਚੋਂ 5 ਭਾਜਪਾ, 4 ਕਾਂਗਰਸ ਅਤੇ 1 ਵਾਈ. ਐੱਸ. ਆਰ. ਕਾਂਗਰਸ ਵਲੋਂ ਸੰਸਦ ਮੈਂਬਰ ਹੈ। ਇਨ੍ਹਾਂ ਵਿਚੋਂ 4 ਕੇਰਲ, 2 ਮੱਧ ਪ੍ਰਦੇਸ਼, ਇਕ-ਇਕ ਉਮੀਦਵਾਰ ਉਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਤੋਂ ਹੈ। ਕਾਂਗਰਸ ਵਲੋਂ ਕੇਰਲ ਦੇ ਇਡੁੱਕੀ ਸੀਟ ਤੋਂ ਜਿੱਤੇ ਡੀਨ ਕੁਰਿਕਯਾਕੋਸੇ 'ਤੇ ਕੁਲ 204 ਮਾਮਲੇ ਦਰਜ ਹਨ।
3 ਉਪਰ ਜਬਰ-ਜ਼ਨਾਹ ਦਾ ਕੇਸ—
30 ਸੰਸਦ ਮੈਂਬਰਾਂ ਨੇ ਹਲਫਨਾਮੇ ਵਿਚ ਹੱਤਿਆ ਦੀ ਕੋਸ਼ਿਸ਼ ਦੇ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ, ਉਥੇ ਹੀ 19 ਸੰਸਦ ਮੈਂਬਰਾਂ ਨੇ ਔਰਤਾਂ ਵਿਰੁੱਧ ਅਪਰਾਧ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚੋਂ 3 ਨੇ ਜਬਰ-ਜ਼ਨਾਹ ਦੀ ਜਾਣਕਾਰੀ ਦਿੱਤੀ ਹੈ। 6 'ਤੇ ਅਗਵਾ ਦੇ ਕੇਸ ਦਰਜ ਹਨ।
475 ਸੰਸਦ ਮੈਂਬਰ ਕਰੋੜਪਤੀ—
17ਵੀਂ ਲੋਕ ਸਭਾ ਵਿਚ 475 ਉਮੀਦਵਾਰ ਕਰੋੜਪਤੀ ਹਨ, ਜੋ ਕਿ ਸੰਸਦ ਵਿਚ ਪਹੁੰਚੇ ਹਨ। ਇਨ੍ਹਾਂ ਵਿਚੋਂ ਪਾਰਟੀ ਅਨੁਸਾਰ ਭਾਜਪਾ ਦੇ ਸਭ ਤੋਂ ਜ਼ਿਆਦਾ 265, ਕਾਂਗਰਸ ਦੇ 43, ਡੀ. ਐੱਮ. ਕੇ. ਦੇ 22, ਏ. ਆਈ. ਟੀ. ਸੀ. ਦੇ 20, ਵਾਈ. ਐੱਸ. ਆਰ. ਕਾਂਗਰਸ ਦੇ 19 ਅਤੇ ਐੱਸ. ਐੱਚ. ਐੱਸ. ਦੇ 18 ਸੰਸਦ ਮੈਂਬਰ ਸ਼ਾਮਲ ਹਨ। ਉਥੇ ਹੀ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 20.93 ਕਰੋੜ ਹੈ।
ਪਾਰਟੀਆਂ ਅਨੁਸਾਰ ਔਸਤ ਜਾਇਦਾਦ—
ਪਾਰਟੀਆਂ ਅਨੁਸਾਰ ਭਾਜਪਾ ਸੰਸਦ ਮੈਂਬਰਾਂ ਦੀ 14.52 ਕਰੋੜ, ਕਾਂਗਰਸ ਦੇ ਸੰਸਦ ਮੈਂਬਰਾਂ ਦੀ 38.71 ਕਰੋੜ, ਡੀ. ਐੱਮ. ਕੇ. ਦੇ ਸੰਸਦ ਮੈਂਬਰਾਂ ਦੀ 24.51 ਕਰੋੜ, ਵਾਈ. ਐੱਸ. ਆਰ. ਕਾਂਗਰਸ ਦੇ ਸੰਸਦ ਮੈਂਬਰਾਂ ਦੀ 54.85 ਕਰੋੜ, ਏ. ਆਈ. ਟੀ. ਸੀ. ਦੇ ਸੰਸਦ ਮੈਂਬਰਾਂ ਦੀ 6.15 ਕਰੋੜ ਔਸਤ ਜਾਇਦਾਦ ਹੈ। ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਸੰਸਦ ਮੈਂਬਰ ਨਕੁਲ ਨਾਥ ਦੀ ਸਭ ਤੋਂ ਜ਼ਿਆਦਾ 660 ਕਰੋੜ ਦੀ ਜਾਇਦਾਦ ਹੈ। ਉਥੇ ਹੀ ਸਭ ਤੋਂ ਘੱਟ ਆਂਧਰਾ ਪ੍ਰਦੇਸ਼ ਦੀ ਆਰਕਿਊ ਸੀਟ ਤੋਂ ਵਾਈ. ਐੱਸ. ਆਰ. ਦੇ ਸੰਸਦ ਮੈਂਬਰ ਗੋਦਿਤੀ ਮਦਾਹਾਵੀ ਦੀ 1.4 ਲੱਖ ਹੈ।
15 ਸੂਬਿਆਂ ਦੇ ਸਾਰੇ ਸੰਸਦ ਮੈਂਬਰ ਕਰੋੜਪਤੀ—
ਸੂਬਿਆਂ ਅਨੁਸਾਰ ਪੰਜਾਬ, ਦਿੱਲੀ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਸਣੇ 15 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਗਏ ਸਾਰੇ ਸੰਸਦ ਮੈਂਬਰ ਕਰੋੜਪਤੀ ਹਨ। ਓਡਿਸ਼ਾ ਤੋਂ ਸਭ ਤੋਂ ਘੱਟ (67 ਫੀਸਦੀ) ਕਰੋੜਪਤੀ ਸੰਸਦ ਮੈਂਬਰ ਚੁਣੇ ਗਏ ਹਨ। 17ਵੀਂ ਲੋਕ ਸਭਾ ਲਈ ਚੁਣੇ ਗਏ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ ਦੀ ਕੁਲ ਕੀਮਤ 20.93 ਕਰੋੜ ਰੁਪਏ ਮਿਥੀ ਗਈ ਹੈ।
ਕੇਰਲ ਦੇ 90 ਫੀਸਦੀ ਸੰਸਦ ਮੈਂਬਰ ਦਾਗ਼ੀ—
ਅਪਰਾਧਿਕ ਮਾਮਲਿਆਂ ਵਿਚ ਕੇਰਲ ਤੋਂ 90 ਫੀਸਦੀ, ਬਿਹਾਰ ਤੋਂ 82 ਫੀਸਦੀ, ਪੱਛਮੀ ਬੰਗਾਲ ਤੋਂ 55 ਫੀਸਦੀ, ਉਤਰ ਪ੍ਰਦੇਸ਼ ਤੋਂ 56, ਮਹਾਰਾਸ਼ਟਰ ਤੋਂ 58, ਗੁਜਰਾਤ ਤੋਂ 15 ਅਤੇ ਸਭ ਤੋਂ ਘੱਟ ਛੱਤੀਸਗੜ੍ਹ ਤੋਂ 9 ਫੀਸਦੀ ਦਾਗੀ ਸੰਸਦ ਮੈਂਬਰ ਚੁਣੇ ਗਏ।
ਦੂਜੀ ਵਾਰ ਜਿੱਤਣ ਵਾਲੀ 'ਡਰੀਮ ਗਰਲ' ਪੂਰਾ ਕਰਨਾ ਚਾਹੁੰਦੀ ਹੈ ਇਹ ਵੱਡਾ ਸੁਪਨਾ
NEXT STORY