ਨਵੀਂ ਦਿੱਲੀ- ਅੱਜ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ, ਜੋ ਕਿ 19 ਦਸੰਬਰ ਤੱਕ ਜਾਰੀ ਰਹੇਗਾ। ਇਸ ਸੈਸ਼ਨ 'ਚ ਐੱਸ.ਆਈ.ਆਰ., ਦਿੱਲੀ ਪ੍ਰਦੂਸ਼ਣ ਤੇ ਵਿਦੇਸ਼, ਕਿਸਾਨ ਨੀਤੀ ਤੇ ਮਹਿੰਗਾਈ ਸਣੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ। ਸੈਸ਼ਨ ਤੋਂ ਇਕ ਦਿਨ ਪਹਿਲਾਂ ਹੋਈ ਆਲ ਪਾਰਟੀ ਮੀਟਿੰਗ ’ਚ ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ.ਆਈ.ਆਰ.) ’ਤੇ ਚਰਚਾ ਦੀ ਮੰਗ ਉਠਾਈ ਅਤੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਜੇ ਸਰਕਾਰ ਉਨ੍ਹਾਂ ਦੀ ਮੰਗ ’ਤੇ ਸਹਿਮਤ ਨਹੀਂ ਹੋਈ ਤਾਂ ਦੋਵਾਂ ਸਦਨਾਂ ’ਚ ਡੈੱਡਲਾਕ ਦੀ ਸਥਿਤੀ ਬਣ ਸਕਦੀ ਹੈ। ਹਾਲਾਂਕਿ, ਸਰਕਾਰ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਚੰਗੀ ਤਰ੍ਹਾਂ ਚੱਲਣੀ ਚਾਹੀਦੀ ਹੈ ਅਤੇ ਉਹ ਡੈੱਡਲਾਕ ਦੀ ਸਥਿਤੀ ਨੂੰ ਟਾਲਣ ਲਈ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਜਾਰੀ ਰੱਖੇਗੀ।
ਸਰਬ ਪਾਰਟੀ ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਮਜ਼ਾਕੀਆ ਅੰਦਾਜ਼ ’ਚ ਇਹ ਵੀ ਕਿਹਾ ਕਿ ਇਹ ਸਰਦ ਰੁੱਤ ਸੈਸ਼ਨ ਹੈ ਅਤੇ ਇਸ ’ਚ ਸਾਰਿਆਂ ਨੂੰ ‘ਠੰਢੇ ਦਿਮਾਗ’ ਨਾਲ ਕੰਮ ਕਰਨਾ ਚਾਹੀਦਾ ਹੈ। ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਨੇ ਸਰਬ ਪਾਰਟੀ ਬੈਠਕ ’ਚ ਐੱਸ. ਆਈ. ਆਰ. ਦੇ ਨਾਲ ਹੀ ਦਿੱਲੀ ਧਮਾਕੇ ਦੇ ਪਿਛੋਕੜ ’ਚ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਹਵਾ ਪ੍ਰਦੂਸ਼ਣ, ਵਿਦੇਸ਼ ਨੀਤੀ, ਕਿਸਾਨਾਂ ਦੀ ਸਥਿਤੀ, ਮਹਿੰਗਾਈ, ਬੇਰੋਜ਼ਗਾਰੀ ਅਤੇ ਕੁਝ ਹੋਰ ਵਿਸ਼ਿਆਂ ’ਤੇ ਸੈਸ਼ਨ ਦੌਰਾਨ ਚਰਚਾ ਕਰਾਉਣ ਦੀ ਅਪੀਲ ਕੀਤੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਇਕ ਦਿਨ ਪਹਿਲਾਂ ਸੱਦੀ ਗਈ ਸਰਬ ਪਾਰਟੀ ਬੈਠਕ ਸਿਰਫ਼ ਇਕ ਰਸਮ ਸੀ। ਸਰਬ ਪਾਰਟੀ ਬੈਠਕ ਤੋਂ ਬਾਅਦ ਲੋਕ ਸਭਾ ’ਚ ਕਾਂਗਰਸ ਦੇ ਉਪ-ਨੇਤਾ ਗੌਰਵ ਗੋਗੋਈ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ, ਸੰਸਦੀ ਪ੍ਰੰਪਰਾ ਅਤੇ ਮਰਿਆਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’
ਇਹ ਵੀ ਪੜ੍ਹੋ- ਪਿਆਰ ਨਾ ਦੇਖੇ ਜਾਤਾਂ-ਪਾਤਾਂ ! ਕੁੜੀ ਨੇ ਪ੍ਰੇਮੀ ਦੀ 'ਲਾਸ਼' ਨਾਲ ਹੀ ਕਰਵਾ ਲਿਆ ਵਿਆਹ, ਸਭ ਦੇ ਸਾਹਮਣੇ...
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਖੁਦ ਸੰਸਦ ਨੂੰ ‘ਡੀਰੇਲ ਕਰਨ’ (ਲੀਹੋਂ ਲਾਹੁਣ) ਦੀ ਕੋਸ਼ਿਸ਼ ਕਰ ਰਹੀ ਹੈ। ਗੋਗੋਈ ਦਾ ਕਹਿਣਾ ਸੀ, ‘‘ਅਸੀਂ ਕਿਹਾ ਹੈ ਕਿ ਸਾਨੂੰ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਸੁਰੱਖਿਆ ਮੁੱਦਿਆਂ ’ਤੇ ਚਰਚਾ ਕਰਨ ਦੀ ਲੋੜ ਹੈ। ਦਿੱਲੀ ’ਚ ਧਮਾਕਾ ਕਾਨੂੰਨ-ਵਿਵਸਥਾ ਅਤੇ ਗ੍ਰਹਿ ਮੰਤਰਾਲਾ ਦੀ ਅਸਫਲਤਾ ਦਾ ਸਬੂਤ ਹੈ ਪਰ ਅਜਿਹਾ ਨਹੀਂ ਲੱਗਦਾ ਕਿ ਸਰਕਾਰ ਇਸ ’ਤੇ ਕਿਸੇ ਥੋੜ੍ਹਚਿਰੀ ਚਰਚਾ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਦੇ ਸਾਹਮਣੇ ਹਵਾ ਪ੍ਰਦੂਸ਼ਣ, ਵਿਦੇਸ਼ ਨੀਤੀ, ਕਿਸਾਨਾਂ ਦੀ ਸਥਿਤੀ ਅਤੇ ਕੁਦਰਤੀ ਆਫਤਾਂ ਨਾਲ ਜੁਡ਼ੇ ਵਿਸ਼ਿਆਂ ’ਤੇ ਵੀ ਚਰਚਾ ਦੀ ਮੰਗ ਕੀਤੀ ਗਈ ਹੈ।
ਰਾਜ ਸਭਾ ’ਚ ਕਾਂਗਰਸ ਦੇ ਉਪ-ਨੇਤਾ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਜੇਕਰ ਸਰਕਾਰ ਐੱਸ.ਆਈ.ਆਰ. ’ਤੇ ਚਰਚਾ ਲਈ ਤਿਆਰ ਨਹੀਂ ਹੁੰਦੀ ਹੈ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਸੰਸਦ ਨਹੀਂ ਚੱਲਣ ਦੇਣਾ ਚਾਹੁੰਦੀ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਮਗੋਪਾਲ ਯਾਦਵ ਨੇ ਕਿਹਾ ਕਿ ਜੇ ਐੱਸ. ਆਈ. ਆਰ. ’ਤੇ ਚਰਚਾ ਨਾ ਕਰਵਾਈ ਗਈ ਤਾਂ ਸੰਸਦ ’ਚ ਡੈੱਡਲਾਕ ਹੋਵੇਗਾ। ਤ੍ਰਿਣਮੂਲ ਕਾਂਗਰਸ ਦੇ ਨੇਤਾ ਕਲਿਆਣ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਦਨ ਚਲਾਉਣ ਲਈ ਸਹਿਯੋਗ ਨੂੰ ਤਿਆਰ ਹੈ ਪਰ ਇਸ ਦੇ ਲਈ ਸਰਕਾਰ ਨੂੰ ਵੀ ਸਹਿਯੋਗ ਕਰਨਾ ਪਵੇਗਾ। ਉਨ੍ਹਾਂ ਦਾਅਵਾ ਕੀਤਾ, ‘‘ਐੱਸ.ਆਈ.ਆਰ. ’ਤੇ ਚਰਚਾ ਹੋਣੀ ਚਾਹੀਦੀ ਹੈ। ਕਈ ਬੀ.ਐੱਲ.ਓਜ਼ ਦੀ ਮੌਤ ਹੋਈ ਹੈ, ਇਹ ਗੰਭੀਰ ਮੁੱਦਾ ਹੈ।’’
ਕਿਰੇਨ ਰਿਜਿਜੂ ਨੇ ਸਰਬ ਪਾਰਟੀ ਬੈਠਕ ਨੂੰ ਹਾਂ-ਪੱਖੀ ਕਰਾਰ ਦਿੰਦੇ ਹੋਏ ਕਿਹਾ, ‘‘ਬੈਠਕ ’ਚ ਜੋ ਵੀ ਸੁਝਾਅ ਆਏ ਹਨ, ਉਨ੍ਹਾਂ ਨੂੰ ਵਿਚਾਰ ਤੋਂ ਬਾਅਦ ਬੀ. ਏ. ਸੀ. (ਬਿਜ਼ਨੈੱਸ ਐਡਵਾਈਜ਼ਰੀ ਕਮੇਟੀ) ਸਾਹਮਣੇ ਰੱਖਿਆ ਜਾਵੇਗਾ। ਕੁੱਲ ਮਿਲਾ ਕੇ 36 ਪਾਰਟੀਆਂ ਦੇ 50 ਨੇਤਾ ਸ਼ਾਮਲ ਹੋਏ।’’
ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਦੇਖੋ ਕਿੱਥੇ ਕਿੰਨਾ ਹੈ AQI, RK ਪੁਰਮ ਦੋ ਦਿਨਾਂ ਤੋਂ ਸਭ ਤੋਂ ਜ਼ਹਿਰੀਲਾ ਇਲਾਕਾ
NEXT STORY