ਨਵੀਂ ਦਿੱਲੀ, (ਭਾਸ਼ਾ)- ਰਾਜ ਸਭਾ ਵਿਚ ਬੁੱਧਵਾਰ ਨੂੰ ਵਿਰੋਧੀ ਧਿਰ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸਨੇ ‘ਵੰਦੇ ਮਾਤਰਮ’ ’ਤੇ ਚਰਚਾ ਦੌਰਾਨ ਕਾਂਗਰਸੀ ਆਗੂਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਕਾਂਗਰਸ ਪਾਰਟੀ ਨੇ ਰਾਸ਼ਟਰੀ ਗੀਤ ਨੂੰ ਦੇਸ਼ ਦੇ ਹਰ ਕੋਨੇ ਵਿਚ ਫੈਲਾਇਆ। ਦੂਜੇ ਪਾਸੇ, ਭਾਜਪਾ ਨੇ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਹ 1937 ਵਿਚ ਜਿਨਾਹਵਾਦੀ ਸੋਚ ਅੱਗੇ ਝੁਕ ਗਈ ਅਤੇ ਪੂਰੇ ਗੀਤ ਨੂੰ ਰਾਸ਼ਟਰੀ ਗੀਤ ਵਜੋਂ ਸਵੀਕਾਰ ਨਾ ਕਰ ਕੇ ਉਸਦੇ ਇਕ ਹਿੱਸੇ ਨੂੰ ਹੀ ਅਪਣਾਇਆ।
ਕਾਂਗਰਸ ਦੇ ਸਈਦ ਨਾਸਿਰ ਹੁਸੈਨ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ' ਦੀ ਰਚਨਾ ਦੇ 150 ਸਾਲ ਪੂਰੇ ਹੋਣ ’ਤੇ ਉਪਰਲੇ ਸਦਨ ਵਿਚ ਚਰਚਾ ਵਿਚ ਹਿੱਸਾ ਲੈਂਦੇ ਹੋਏ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਸ ਚਰਚਾ ਦੌਰਾਨ ਕਾਂਗਰਸ ਅਤੇ ਇਸਦੇ ਨੇਤਾਵਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਅਸਫਲ ਰਹੀ। ਹੁਸੈਨ ਨੇ ਕਿਹਾ ਕਿ ਭਾਜਪਾ ਕਾਂਗਰਸ ਪਾਰਟੀ ’ਤੇ ਜੋ ਦੋਸ਼ ਲਗਾ ਰਹੀ ਹੈ ਉਹ ਅਸਲ ਵਿਚ ਕਾਂਗਰਸ ’ਤੇ ਨਹੀਂ ਸਗੋਂ ਰਬਿੰਦਰਨਾਥ ਟੈਗੋਰ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਅਤੇ ਬੀ. ਆਰ. ਅੰਬੇਡਕਰ ’ਤੇ ਲਗਾ ਰਹੀ ਹੈ।
ਭਾਜਪਾ ਦੇ ਦਿਨੇਸ਼ ਸ਼ਰਮਾ ਨੇ ਚਰਚਾ ਵਿਚ ਕਾਂਗਰਸ ਮੈਂਬਰਾਂ ਵੱਲੋਂ ਕੀਤੇ ਗਏ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੇ ਤੱਥ ਪੇਸ਼ ਕੀਤੇ ਪਰ ਇਹ ਜ਼ਿਕਰ ਨਹੀਂ ਕੀਤਾ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਉਸ ਸਮੇਂ ਮੌਜੂਦ ਸਨ ਅਤੇ ਉਨ੍ਹਾਂ ਨੇ ਇਸਦਾ ਸਮਰਥਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਮੌਲਾਨਾ ਆਜ਼ਾਦ ਨੇ ਇਸਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਸੀ ਕਿ ਇਸਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਚਰਚਾ ਵਿਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ-ਉਬਾਠਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਗੀਤ ਬਾਰੇ ਭਾਜਪਾ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ ਪਰ ਵਿਰੋਧੀ ਧਿਰ ਨੇ ‘ਵੰਦੇ ਮਾਤਰਮ’ ਬਾਰੇ ਸਹੀ ਤਸਵੀਰ ਪੇਸ਼ ਕੀਤੀ।
ਔਰਤਾਂ ’ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ : ਕਥਾਵਾਚਕ ਅਨਿਰੁੱਧਾਚਾਰੀਆ ਦੀਆਂ ਵਧੀਆਂ ਮੁਸ਼ਕਲਾਂ
NEXT STORY