ਨੈਸ਼ਨਲ ਡੈਸਕ- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਦਸੰਬਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ। ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਯਾਨੀ ਕਿ ਭਲਕੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਿੰਘ ਦੀ ਜ਼ਿੰਦਗੀ ਇਕ ਪ੍ਰੇਰਣਾ ਸਰੋਤ ਸੀ, ਜਿਸ ਵਿਚ ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਨੂੰ ਸੁਧਾਰਨ ਲਈ ਕਈ ਇਤਿਹਾਸਕ ਫ਼ੈਸਲੇ ਲਏ ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਅਜਿਹੀ ਇੱਛਾ ਸੀ, ਜਿਸ ਨੂੰ ਉਹ ਕਦੇ ਪੂਰਾ ਨਹੀਂ ਕਰ ਸਕੇ। ਇਹ ਇੱਛਾ ਸੀ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਅਤੇ ਸਕੂਲ ਨੂੰ ਵੇਖਣ ਦੀ।
ਡਾ. ਮਨਮੋਹਨ ਸਿੰਘ ਦੇ ਬਚਪਨ ਦੀਆਂ ਯਾਦਾਂ
ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ, 1932 ਨੂੰ ਪਾਕਿਸਤਾਨ ਦੇ ਗਾਹ ਪਿੰਡ 'ਚ ਹੋਇਆ ਸੀ, ਜੋ ਇਸਲਾਮਾਬਾਦ ਤੋਂ ਲਗਭਗ 100 ਕਿਲੋਮੀਟਰ ਦੱਖਣ-ਪੂਰਬ 'ਚ ਸਥਿਤ ਹੈ। ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਬਚਪਨ ਅਤੇ ਮੁੱਢਲੀ ਸਿੱਖਿਆ ਪਾਕਿਸਤਾਨ 'ਚ ਹੀ ਹੋਈ। ਉਨ੍ਹਾਂ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ।
ਵੰਡ ਤੋਂ ਬਾਅਦ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਸੰਪਰਕ ਆਪਣੇ ਜੱਦੀ ਪਿੰਡ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਤੋਂ ਆਪਣੇ ਬਚਪਨ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਰਹਿੰਦੀਆਂ ਸਨ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਇਕ ਦਿਨ ਉਹ ਪਾਕਿਸਤਾਨ ਵਾਪਸ ਜਾ ਕੇ ਆਪਣਾ ਪਿੰਡ ਅਤੇ ਸਕੂਲ ਦੇਖ ਸਕਣ।
ਅਧੂਰੀ ਇੱਛਾ ਦਾ ਖ਼ੁਲਾਸਾ
ਕਾਂਗਰਸ ਨੇਤਾ ਰਾਜੀਵ ਸ਼ੁਕਲਾ ਨੇ ਇਕ ਇੰਟਰਵਿਊ ਦੌਰਾਨ ਡਾ. ਮਨਮੋਹਨ ਸਿੰਘ ਦੀ ਇਕ ਅਧੂਰੀ ਇੱਛਾ ਦਾ ਖੁਲਾਸਾ ਕੀਤਾ, ਜੋ ਉਹ ਕਦੇ ਪੂਰੀ ਨਹੀਂ ਕਰ ਸਕੇ। ਸ਼ੁਕਲਾ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਪ੍ਰਧਾਨ ਮੰਤਰੀ ਹਾਊਸ ਵਿਚ ਮਨਮੋਹਨ ਸਿੰਘ ਨਾਲ ਬੈਠੇ ਸਨ ਤਾਂ ਡਾ. ਸਿੰਘ ਨੇ ਪਾਕਿਸਤਾਨ ਜਾਣ ਦੀ ਇੱਛਾ ਪ੍ਰਗਟਾਈ ਸੀ। ਜਦੋਂ ਸ਼ੁਕਲਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਪਾਕਿਸਤਾਨ ਵਿਚ ਕਿੱਥੇ ਜਾਣਾ ਚਾਹੁੰਦੇ ਹਨ, ਤਾਂ ਡਾਕਟਰ ਸਿੰਘ ਨੇ ਜਵਾਬ ਦਿੱਤਾ ਸੀ ਕਿ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ ਹਾਂ।
ਰਾਜੀਵ ਸ਼ੁਕਲਾ ਅਨੁਸਾਰ ਡਾ. ਮਨਮੋਹਨ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਘਰ ਤਾਂ ਹੁਣ ਖ਼ਤਮ ਹੋ ਚੁੱਕਾ ਹੈ ਪਰ ਉਨ੍ਹਾਂ ਦਾ ਦਿਲ ਉਸ ਸਕੂਲ ਨੂੰ ਦੇਖਣ ਦਾ ਸੀ ਜਿੱਥੇ ਉਨ੍ਹਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਇਹ ਸੁਣ ਕੇ ਸ਼ੁਕਲਾ ਨੇ ਪੁੱਛਿਆ, "ਕੀ ਤੁਸੀਂ ਆਪਣਾ ਜੱਦੀ ਘਰ ਦੇਖਣਾ ਚਾਹੁੰਦੇ ਹੋ? ਤਾਂ ਮਨਮੋਹਨ ਸਿੰਘ ਨੇ ਕਿਹਾ ਕਿ ਨਹੀਂ, ਮੇਰਾ ਘਰ ਹੁਣ ਖਤਮ ਹੋ ਗਿਆ ਹੈ। ਮੈਂ ਉਹ ਸਕੂਲ ਦੇਖਣਾ ਚਾਹੁੰਦਾ ਹਾਂ ਜਿੱਥੇ ਮੈਂ ਚੌਥੀ ਜਮਾਤ ਤੱਕ ਪੜ੍ਹਿਆ ਸ ਪਰ ਬਦਕਿਸਮਤੀ ਨਾਲ ਉਹ ਕਦੇ ਵੀ ਇਸ ਯਾਤਰਾ 'ਤੇ ਨਹੀਂ ਜਾ ਸਕੇ ਅਤੇ ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ।
ਵੰਡ ਦੇ ਦਰਦ ਦੀਆਂ ਯਾਦਾਂ ਅਤੇ ਅਧੂਰੀ ਇੱਛਾ
ਮਨਮੋਹਨ ਸਿੰਘ ਦਾ ਜੀਵਨ ਵੰਡ ਦੇ ਦਰਦ ਨਾਲ ਭਰਿਆ ਹੋਇਆ ਸੀ, ਜਦੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇਸ ਦਰਦ ਨੂੰ ਉਨ੍ਹਾਂ ਨੇ ਹਮੇਸ਼ਾ ਆਪਣੇ ਦਿਲ 'ਚ ਮਹਿਸੂਸ ਕੀਤਾ ਸੀ। ਉਨ੍ਹਾਂ ਨੇ ਆਪਣੇ ਬਚਪਨ ਵਿਚ ਘਰ ਅਤੇ ਸਕੂਲ ਦੇਖ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਹਮੇਸ਼ਾ ਇੱਛਾ ਰਹਿੰਦੀ ਸੀ। ਇਹ ਇਕ ਸੁਪਨਾ ਸੀ ਜੋ ਕਦੇ ਪੂਰਾ ਨਹੀਂ ਹੋ ਸਕਿਆ।
ਇੱਕ ਪਲੇਟਫਾਰਮ 'ਤੇ ਮਿਲਣਗੀਆਂ ਸਾਰੀਆਂ ਸਹੂਲਤਾਂ, ਜਾਣੋ ਰੇਲਵੇ ਵਿਭਾਗ ਕਦੋਂ ਲਾਂਚ ਕਰੇਗਾ ਸੂਪਰ ਐਪ
NEXT STORY