ਜਲੰਧਰ/ਨਵੀਂ ਦਿੱਲੀ- ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਪਿਛਲੇ 8 ਸਾਲਾਂ ’ਚ ਪਲਾਸਟਿਕ ਦੇ ਬਹੁਤ ਸਾਰੇ ਟੁਕੜੇ ਲੋਕਾਂ ਦੇ ਦਿਮਾਗ ਵਿਚ ਪਹੁੰਚ ਚੁੱਕੇ ਹਨ। ਵਿਗਿਆਨੀਆਂ ਮੁਤਾਬਕ ਲੋਕਾਂ ਦੇ ਦਿਮਾਗ ’ਚ ਕਰੀਬ 0.5 ਫੀਸਦੀ ਮਾਈਕ੍ਰੋਪਲਾਸਟਿਕ ਜਮ੍ਹਾ ਹੋ ਗਿਆ ਹੈ, ਜੋ ਬਹੁਤ ਖਤਰਨਾਕ ਹੋ ਸਕਦਾ ਹੈ।
ਮਨੁੱਖੀ ਦਿਮਾਗ ਦੇ ਲਏ ਕਈ ਸੈਂਪਲ
ਇਕ ਮੀਡੀਆ ਰਿਪੋਰਟ ਮੁਤਾਬਕ ਸਾਲ 2024 ਵਿਚ ਖੋਜਕਰਤਾਵਾਂ ਨੇ ਡੈੱਡਬਾਡੀ ਟੈਸਟ ਵਿਚ ਮਨੁੱਖੀ ਦਿਮਾਗ ਦੇ ਕਈ ਨਮੂਨੇ ਲਏ ਸਨ ਅਤੇ ਫਿਰ ਇਸ ਵਿਚ ਮਾਈਕ੍ਰੋਪਲਾਸਟਿਕਸ 'ਤੇ ਖੋਜ ਕੀਤੀ ਸੀ। ਇਹ ਪਾਇਆ ਗਿਆ ਕਿ 8 ਸਾਲ ਪਹਿਲਾਂ ਲਏ ਗਏ ਨਮੂਨੇ ਦੇ ਮੁਕਾਬਲੇ ਮਨੁੱਖੀ ਦਿਮਾਗ ਵਿੱਚ ਪਲਾਸਟਿਕ ਦੇ 50% ਜ਼ਿਆਦਾ ਟੁਕੜੇ ਪਾਏ ਗਏ ਸਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੀ ਔਸਤ ਉਮਰ ਲਗਭਗ 45 ਜਾਂ 50 ਸਾਲ ਸੀ, ਉਨ੍ਹਾਂ ਦੇ ਦਿਮਾਗ ਦੇ ਟਿਸ਼ੂਆਂ ’ਚ ਪਲਾਸਟਿਕ ਕੰਸਟ੍ਰੇਸ਼ਨ ਪ੍ਰਤੀ ਗ੍ਰਾਮ 4800 ਮਾਈਕ੍ਰੋ ਗ੍ਰਾਮ ਸੀ, ਯਾਨੀ ਭਾਰ ਦੇ ਹਿਸਾਬ ਨਾਲ 0.5 ਫੀਸਦੀ।
ਪਲਾਸਟਿਕ ਤੋਂ ਹੋਏ ਨੁਕਸਾਨ ਦੀ ਪੁਸ਼ਟੀ ਨਹੀਂ
ਅਮਰੀਕਾ ਦੀ ਨਿਊ ਮੈਕਸੀਕੋ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸੇਜ਼ ਦੇ ਰੀਜੈਂਟ ਪ੍ਰੋਫੈਸਰ ਅਤੇ ਅਧਿਐਨ ਦੇ ਮੁੱਖ ਲੇਖਕ ਮੈਥਿਊ ਕੈਂਪੇਨ ਨੇ ਕਿਹਾ ਕਿ 2016 ਦੇ ਮੁਕਾਬਲੇ ਦਿਮਾਗ ’ਚ ਪਲਾਸਟਿਕ ਦੀ ਮਾਤਰਾ ਕਾਫੀ ਵਧ ਗਈ ਹੈ ਅਤੇ ਇਸ ਨਾਲ ਦਿਮਾਗੀ ਸਮੱਸਿਆਵਾਂ ਦਾ ਖਤਰਾ ਵੀ ਵੱਧ ਗਿਆ ਹੈ। ਹਾਲਾਂਕਿ ਪਲਾਸਟਿਕ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਸਮਝਣ ਲਈ ਹੋਰ ਖੋਜ ਦੀ ਲੋੜ ਹੈ ਕਿ ਇਨ੍ਹਾਂ ਪਲਾਸਟਿਕ ਦੇ ਕਣਾਂ ਦਾ ਦਿਮਾਗ਼ ਦੇ ਸੈੱਲਾਂ ’ਤੇ ਕੀ ਪ੍ਰਭਾਵ ਪੈਂਦਾ ਹੈ? ਅਧਿਐਨ ਮੁਤਾਬਕ ਡੈੱਡਬਾਡੀ ਤੋਂ ਲਏ ਗਏ ਸੈਂਪਲਾਂ ਤੋਂ ਪਤਾ ਲੱਗਿਆ ਹੈ ਕਿ ਗੁਰਦਿਆਂ ਅਤੇ ਜਿਗਰ ਦੇ ਮੁਕਾਬਲੇ ਦਿਮਾਗ ’ਚ 7 ਤੋਂ 30 ਫ਼ੀਸਦੀ ਜ਼ਿਆਦਾ ਪਲਾਸਟਿਕ ਦੇ ਟੁਕੜੇ ਸਨ।
ਪਹਿਲਾਂ ਵੀ ਕੀਤੇ ਜਾ ਚੁੱਕੇ ਹਨ ਅਧਿਐਨ
ਕਈ ਹੋਰ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਹ ਪਲਾਸਟਿਕ ਦੇ ਟੁਕੜੇ ਦਿਲ, ਖੂਨ ਦੀ ਧਾਰਾ, ਫੇਫੜਿਆਂ, ਜਿਗਰ, ਗੁਪਤ ਅੰਗਾਂ ਅਤੇ ਪਲੇਸੈਂਟਾ ’ਚ ਵੀ ਪਾਏ ਗਏ ਹਨ। ਕੁਝ ਪਲਾਸਟਿਕ ਅਜਿਹੇ ਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਕੋਈ ਵੀ ਅਜਿਹਾ ਸਮਾਰਟਫੋਨ ਜਾਂ ਕੰਪਿਊਟਰ ਨਹੀਂ ਮਿਲੇਗਾ, ਜਿਸ ’ਚ ਪਲਾਸਟਿਕ ਨਾ ਹੋਵੇ। ਹਾਲਾਂਕਿ ਪਲਾਸਟਿਕ ਦੇ ਬੈਗ ਅਤੇ ਬੋਤਲਾਂ ਦੇ ਸੰਪਰਕ ’ਚ ਆਉਣ ਤੋਂ ਬਚੋ। ਦਿਮਾਗ ਦੇ ਟਿਸ਼ੂ ਦੇ ਸੈਂਪਲ ਫਰੰਟਲ ਕਾਰਟੈਕਸ ਤੋਂ ਲਏ ਗਏ ਸਨ, ਜੋ ਦਿਮਾਗ ਦਾ ਇਕ ਖੇਤਰ ਹੈ, ਜੋ ਸੋਚ ਅਤੇ ਤਰਕ ਨਾਲ ਜੁੜਿਆ ਹੋਇਆ ਹੈ। ਇਹ ਹਿੱਸਾ ਫਰੰਟੋਟੇਂਪੋਰਲ ਡਿਮੈਂਸ਼ੀਆ (ਐੱਫ. ਟੀ. ਡੀ.) ਅਤੇ ਅਲਜ਼ਾਈਮਰ ਰੋਗ ’ਚ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।
ਜੇਲ੍ਹ ’ਚ ਵੀ ਐਸ਼ ਕਰ ਰਿਹਾ ਸੀ ਕੰਨੜ ਅਦਾਕਾਰ ਦਰਸ਼ਨ, 7 ਅਧਿਕਾਰੀ ਮੁਅੱਤਲ
NEXT STORY