ਨਵੀਂ ਦਿੱਲੀ- ਬੀਤੀ ਸ਼ਾਮ ਤਾਮਿਲਨਾਡੂ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਸੂਬੇ ਦੇ ਸ਼ਿਵਗੰਗਾ ਇਲਾਕੇ 'ਚ ਵਾਪਰਿਆ, ਜਿੱਥੇ 2 ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸਾਂ ਦੇ ਪਰਖੱਚੇ ਉੱਡ ਗਏ।
ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ (PMO) ਨੇ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਤਾਮਿਲਨਾਡੂ ਦੇ ਸ਼ਿਵਗੰਗਾ 'ਚ ਵਾਪਰੇ ਭਿਆਨਕ ਹਾਦਸੇ 'ਚ ਹੋਇਆ ਜਾਨੀ ਨੁਕਸਾਨ ਕਾਫ਼ੀ ਦੁਖ਼ਦਾਈ ਹੈ। ਆਪਣੇ ਅਜੀਜ਼ਾਂ ਨੂੰ ਗੁਆਉਣ ਵਾਲੇ ਲੋਕਾਂ ਨਾਲ ਮੇਰੀਆਂ ਸੰਵੇਦਨਾਵਾਂ ਤੇ ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।''

ਉਨ੍ਹਾਂ ਪੀੜਤਾਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ 'ਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ, ਜਦਕਿ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਵੀ ਪੀੜਤਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ, ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਤੇ ਮਾਮੂਲੀ ਤੌਰ 'ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸਾਲ ਦਾ 50,000 ਜਮ੍ਹਾ ਕਰਵਾਓ ਤੇ ਪਾਓ 23 ਲੱਖ ! ਧੀਆਂ ਦੇ ਭਵਿੱਖ ਲਈ ਸਰਕਾਰ ਦੀ ਸ਼ਾਨਦਾਰ ਸਕੀਮ
NEXT STORY