ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੀ ਦੂਜੀ ਘਾਤਕ ਲਹਿਰ ਦਾ ਕਹਿਰ ਵਧਣ ਤੋਂ ਬਾਅਦ ਮੁੜ ਦੇਸ਼ਪੱਧਰੀ ਲਾਕਡਾਊਨ ਲਾਉਣ ਦੀ ਸੰਭਾਵਨਾ ’ਤੇ ਰੋਕ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਇਸ ਗੱਲ ਵੱਲ ਸਾਫ ਇਸ਼ਾਰਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਮੁੜ ਲਾਕਡਾਊਨ ਨਹੀਂ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਜੇ ਕੋਰੋਨਾ ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨ ਤਾਂ ਲਾਕਡਾਊਨ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਦੀ ਵਰਤੋਂ ਅੰਤਿਮ ਬਦਲ ਦੇ ਰੂਪ ਵਿਚ ਹੀ ਕਰਨ। ਲਾਕਡਾਊਨ ਤੋਂ ਬਚਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਯਤਨ ਹੈ ਕਿ ਆਰਥਿਕ ਸਰਗਰਮੀਆਂ ਤੇ ਰੋਜ਼ਗਾਰ ’ਤੇ ਘੱਟ ਤੋਂ ਘੱਟ ਅਸਰ ਪਵੇ।
Addressing the nation on the COVID-19 situation. https://t.co/rmIUo0gkbm
— Narendra Modi (@narendramodi) April 20, 2021
ਮੋਦੀ ਨੇ ਕਿਹਾ ਕਿ ਜਿਵੇਂ ਹੀ ਕੋਰੋਨਾ ਦੇ ਕੇਸ ਵਧੇ, ਦੇਸ਼ ਦੇ ਫਾਰਮਾ ਸੈਕਟਰ ਨੇ ਦਵਾਈਆਂ ਦਾ ਉਤਪਾਦਨ ਵਧਾ ਦਿੱਤਾ ਹੈ। ਇਸ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਆਕਸੀਜਨ ਦਾ ਉਤਪਾਦਨ ਤੇ ਸਪਲਾਈ ਵਧਾਉਣ ਲਈ ਵੀ ਕਈ ਪੱਧਰਾਂ ’ਤੇ ਉਪਾਅ ਕੀਤੇ ਜਾ ਰਹੇ ਹਨ। ਸੂਬਿਆਂ ਵਿਚ ਨਵੇਂ ਆਕਸੀਜਨ ਪਲਾਂਟ ਹੋਣ, ਇਕ ਲੱਖ ਨਵੇਂ ਸਿਲੰਡਰ ਪਹੁੰਚਾਉਣੇ ਹੋਣ, ਆਕਸੀਜਨ ਰੇਲ ਹੋਵੇ, ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਨੂੰ 18 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਲਈ ਸ਼ੁਰੂ ਕਰਨ ਨਾਲ ਸ਼ਹਿਰ ਵਿਚ ਜਿਹੜੀ ਸਾਡੀ ਵਰਕਫੋਰਸ ਹੈ, ਉਸ ਨੂੰ ਤੇਜ਼ੀ ਨਾਲ ਵੈਕਸੀਨ ਮੁਹੱਈਆ ਹੋਵੇਗੀ।
ਇਹ ਵੀ ਪੜ੍ਹੋ- ਯੂ.ਪੀ. ਸਰਕਾਰ ਦਾ ਵੱਡਾ ਫੈਸਲਾ: 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ
ਪਿਛਲੇ ਲਾਕਡਾਊਨ ਦਾ ਕੌੜਾ ਤਜਰਬਾ ਮੁੜ ਨਾ ਦੁਹਰਾਇਆ ਜਾਵੇ, ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਮਜ਼ਦੂਰ ਜਿੱਥੇ ਹਨ, ਉੱਥੇ ਹੀ ਰਹਿਣ। ਮੇਰੀ ਸੂਬਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਮਜ਼ਦੂਰਾਂ ਦਾ ਭਰੋਸਾ ਜਗਾਈ ਰੱਖਣ। ਉਨ੍ਹਾਂ ਨੂੰ ਅਪੀਲ ਕਰਨ ਕਿ ਉਹ ਜਿੱਥੇ ਹਨ, ਉੱਥੇ ਹੀ ਰਹਿਣ। ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਵੈਕਸੀਨ ਵੀ ਲੱਗੇਗੀ ਅਤੇ ਉਨ੍ਹਾਂ ਦਾ ਕੰਮ ਵੀ ਬੰਦ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ਮੁੜ ਕੇਂਦਰ ਨੂੰ ਕੀਤੀ ਅਪੀਲ, ਕੁੱਝ ਹਸਪਤਾਲਾਂ 'ਚ ਕੁੱਝ ਹੀ ਘੰਟਿਆਂ ਦੀ ਬਚੀ ਹੈ ਆਕਸੀਜਨ
ਪ੍ਰਧਾਨ ਮੰਤਰੀ ਨੇ ਕਿਹਾ,‘‘ਮੇਰੀ ਯੁਵਾ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਸੁੁਸਾਇਟੀ ਵਿਚ, ਮੁਹੱਲੇ ਵਿਚ, ਅਪਾਰਟਮੈਂਟਸ ਵਿਚ ਛੋਟੀਆਂ-ਛੋਟੀਆਂ ਕਮੇਟੀਆਂ ਬਣਾ ਕੇ ਕੋਵਿਡ ਅਨੁਸ਼ਾਸਨ ਦੀ ਪਾਲਣਾ ਕਰਵਾਉਣ ਵਿਚ ਮਦਦ ਕਰਨ। ਅਸੀਂ ਅਜਿਹਾ ਕਰਾਂਗੇ ਤਾਂ ਨਾ ਕੰਟੇਨਮੈਂਟ ਜ਼ੋਨ ਬਣਾਉਣ ਦੀ ਲੋੜ ਪਵੇਗੀ, ਨਾ ਕਰਫਿਊ ਲਾਉਣ ਦੀ ਅਤੇ ਨਾ ਹੀ ਲਾਕਡਾਊਨ ਲਾਉਣ ਦੀ।’’
ਇਹ ਵੀ ਪੜ੍ਹੋ- ਸਰਕਾਰੀ ਹਸਪਤਾਲ 'ਚ ਇਲਾਜ ਲਈ ਘਰੋਂ ਬੈਡ ਲੈ ਕੇ ਆਇਆ ਮਰੀਜ਼...
ਮੋਦੀ ਨੇ ਕਿਹਾ ਕਿ ਦੇਸ਼ ਵਿਚ ਚੌਕਸੀ ਤੇ ਜਾਗਰੂਕਤਾ ਵਧਾਉਣ ਅਤੇ ਡਰ ਦਾ ਮਾਹੌਲ ਘੱਟ ਕਰਨ ਦੀ ਲੋੜ ਹੈ। ਟੀਕਾ ਲੱਗਣ ਤੋਂ ਬਾਅਦ ਵੀ ‘ਦਵਾਈ ਵੀ ਤੇ ਕੜਾਈ ਵੀ’ ਦੇ ਮੰਤਰ ਦੀ ਪਾਲਣਾ ਕਰਨਾ ਜ਼ਰੂਰੀ ਹੈ। ਉਨ੍ਹਾਂ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਤੇ ਜ਼ਿਆਦਾ ਫੋਕਸ ਕਰਨ।
ਮਹਾਰਾਸ਼ਟਰ ’ਚ ‘ਸਖਤ ਲਾਕਡਾਊਨ’ ਦੀ ਸਿਫਾਰਸ਼, 10ਵੀਂ ਦੀਆਂ ਪ੍ਰੀਖਿਆਵਾਂ ਰੱਦ
ਮਹਾਰਾਸ਼ਟਰ ਕੈਬਨਿਟ ਨੇ ਮੰਗਲਵਾਰ ਸਖਤ ਲਾਕਡਾਊਨ ਲਾਉਣ ਦੀ ਸਿਫਾਰਸ਼ ਕੀਤੀ ਹੈ। ਮੁੱਖ ਮੰਤਰੀ ਊਧਵ ਠਾਕਰੇ ਇਸ ਬਾਰੇ ਬੁੱਧਵਾਰ ਐਲਾਨ ਕਰ ਸਕਦੇ ਹਨ। ਕੈਬਨਿਟ ਨੇ ਸੂਬਾ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
NEXT STORY