ਸੰਭਾਜੀਨਗਰ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਕਸ਼ਮੀਰ ਲਈ ਇਕ ਵੱਖਰਾ ਸੰਵਿਧਾਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਆਰਟੀਕਲ 370 ਦੀ ਬਹਾਲੀ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮੁਕਾਬਲਾ ਸੰਭਾਜੀ ਮਹਾਰਾਜ ਨੂੰ ਮੰਨਣ ਵਾਲੇ ਦੇਸ਼ ਭਗਤਾਂ ਅਤੇ ਔਰੰਗਜ਼ੇਬ ਦਾ ਗੁਣਗਾਨ ਕਰਨ ਵਾਲਿਆਂ ਵਿਚਾਲੇ ਹੈ।
ਸੂਬੇ ’ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੀ ਮਹਾਰਾਸ਼ਟਰ ਦੇ ਲੋਕ ਕਾਂਗਰਸ ਅਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲੇ ਉਸ ਦੇ ਸਹਿਯੋਗੀਆਂ ਦਾ ਸਮਰਥਨ ਕਰਨਗੇ? ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਆਰਟੀਕਲ 370 ਨੂੰ ਬਹਾਲ ਕਰਨ ਲਈ ਇਕ ਮਤਾ ਪਾਸ ਕੀਤਾ ਹੈ। ਜਦੋਂ ਅਸੀਂ ਕਸ਼ਮੀਰ ਨੂੰ ਆਰਟੀਕਲ 370 ਤੋਂ ਮੁਕਤ ਕੀਤਾ ਤਾਂ ਕਾਂਗਰਸ ਨੇ ਸੰਸਦ ਅਤੇ ਅਦਾਲਤ ’ਚ ਇਸ ਦਾ ਵਿਰੋਧ ਕੀਤਾ। ਹੁਣ ਉਹ ਫਿਰ ਤੋਂ ਆਰਟੀਕਲ 370 ਨੂੰ ਬਹਾਲ ਕਰਨ ਅਤੇ ਕਸ਼ਮੀਰ ’ਚ ਇਕ ਵੱਖਰਾ ਸੰਵਿਧਾਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਰ ਭਾਰਤੀ ਚਾਹੁੰਦਾ ਹੈ ਕਿ ਕਸ਼ਮੀਰ ’ਚ ਸਿਰਫ ਡਾ. ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੋਵੇ। ਮੋਦੀ ਨੇ ਕਿਹਾ ਕਿ ਪੂਰਾ ਮਹਾਰਾਸ਼ਟਰ ਜਾਣਦਾ ਹੈ ਕਿ ਛਤਰਪਤੀ ਸੰਭਾਜੀਨਗਰ ਨੂੰ ਇਹ ਨਾਂ ਦੇਣ ਦੀ ਮੰਗ ਸ਼ਿਵਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਨੇ ਚੁੱਕੀ ਸੀ ਅਤੇ ਅਜਿਹਾ ਕਰ ਕੇ ਮਹਾਯੁਤੀ ਸਰਕਾਰ ਨੇ ਉਨ੍ਹਾਂ ਦੀ ਇਛਾ ਪੂਰੀ ਕੀਤੀ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀਆਂ ਇਹ ਚੋਣਾਂ ਸਿਰਫ ਨਵੀਂ ਸਰਕਾਰ ਚੁਣਨ ਦੀਆਂ ਹੀ ਚੋਣਾਂ ਨਹੀਂ ਹਨ। ਇਨ੍ਹਾਂ ਚੋਣਾਂ ’ਚ ਇਕ ਪਾਸੇ ਸੰਭਾਜੀ ਮਹਾਰਾਜ ਨੂੰ ਮੰਨਣ ਵਾਲੇ ਦੇਸ਼ ਭਗਤ ਹਨ ਅਤੇ ਦੂਜੇ ਪਾਸੇ ਔਰੰਗਜ਼ੇਬ ਦਾ ਗੁਣਗਾਨ ਕਰਨ ਵਾਲੇ ਲੋਕ ਹਨ। ਕੁਝ ਲੋਕ ਸੰਭਾਜੀ ਮਹਾਰਾਜ ਦੇ ਹਤਿਆਰੇ ’ਚ ਆਪਣਾ ਮਸੀਹਾ ਵੇਖਦੇ ਹਨ।
ਸੰਭਾਜੀ ਮਹਾਰਾਜ ਮਰਾਠਾ ਸਾਮਰਾਜ ਦੀ ਨੀਂਹ ਰੱਖਣ ਵਾਲੇ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਭ ਤੋਂ ਵੱਡੇ ਪੁੱਤਰ ਸਨ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਉਨ੍ਹਾਂ ਦੀ ਹੱਤਿਆ ਕਰਵਾ ਦਿੱਤੀ ਸੀ, ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 32 ਸਾਲ ਸੀ।
ਉਨ੍ਹਾਂ ਕਿਹਾ ਕਿ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਸਰਕਾਰ ਢਾਈ ਸਾਲ ਸੱਤਾ ’ਚ ਰਹੀ ਪਰ ਕਾਂਗਰਸ ਦੇ ਦਬਾਅ ’ਚ ਇਨ੍ਹਾਂ ਲੋਕਾਂ ਦੀ ਹਿੰਮਤ ਨਹੀਂ ਹੋਈ। ਮਹਾਯੁਤੀ ਸਰਕਾਰ ਨੇ ਆਉਂਦਿਆਂ ਹੀ ਇਸ ਸ਼ਹਿਰ ਦਾ ਨਾਂ ਛਤਰਪਤੀ ਸੰਭਾਜੀਨਗਰ ਕੀਤਾ। ਅਸੀਂ ਤੁਹਾਡੀ ਇੱਛਾ ਨੂੰ ਪੂਰਾ ਕੀਤਾ, ਅਸੀਂ ਬਾਲਾ ਸਾਹਿਬ ਠਾਕਰੇ ਦੀ ਇੱਛਾ ਨੂੰ ਪੂਰਾ ਕੀਤਾ।
ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਅਤੇ ਗਰੀਬਾਂ ਨੂੰ ਹੀ ਲੁੱਟ ਲਿਆ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਪਰ ਉਸ ਨੇ ਗਰੀਬਾਂ ਨੂੰ ਹੀ ਲੁੱਟ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਦੀ ਮਾਨਸਿਕਤਾ ਇਹ ਯਕੀਨੀ ਬਣਾਉਣ ਦੀ ਹੈ ਕਿ ਗਰੀਬ ਤਰੱਕੀ ਨਾ ਕਰੇ। ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਨਵੇਲ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜੇ ਗਰੀਬਾਂ ਨੂੰ ਫਾਇਦਾ ਹੋ ਰਿਹਾ ਹੈ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ ਪਰ ਕਾਂਗਰਸ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਦੇ ਮਾਮਲੇ ’ਚ ਕਾਂਗਰਸ ਕਾਫ਼ੀ ਅੱਗੇ ਹੈ ਪਰ ਉਹ ਗਰੀਬਾਂ ਦੀ ਦੁਸ਼ਮਣ ਹੈ।
ਨਾਸਿਕ ’ਚ ਖੜਗੇ ਦੀ ਰੈਲੀ ਲਈ ਬਣਾਇਆ ਗਿਆ ਅਸਥਾਈ ਢਾਂਚਾ ਤੇਜ਼ ਹਵਾਵਾਂ ਨਾਲ ਨੁਕਸਾਨਿਆ, 2 ਜ਼ਖ਼ਮੀ
NEXT STORY