ਵਾਰਸਾ/ਨਵੀਂ ਦਿੱਲੀ (ਬਿਊਰੋ)— ਪੋਲੈਂਡ ਦੀ 11 ਸਾਲ ਦੀ ਬੱਚੀ ਅਲਿਸਜਾ ਵਾਨਾਟਕੋ ਨੇ ਭਾਰਤ ਵਿਚ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਦਦ ਦੀ ਅਪੀਲ ਕੀਤੀ ਹੈ। ਵਾਨਾਟਕੋ ਨੇ ਪੀ.ਐੱਮ. ਮੋਦੀ ਨੂੰ ਆਪਣੇ ਹੱਥਾਂ ਨਾਲ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਨੂੰ ਉਸ ਦੀ ਮਾਂ ਮਾਰਟਾ ਨੇ ਸ਼ੇਅਰ ਕੀਤਾ ਹੈ। ਚਿੱਠੀ ਵਿਚ ਬੱਚੀ ਨੇ ਵੀਜ਼ਾ ਨਾਲ ਸਬੰਧਤ ਸਮੱਸਿਆ ਦਾ ਜ਼ਿਕਰ ਕੀਤਾ ਹੈ।
ਵਾਨਾਟਕੋ ਨੇ ਚਿੱਠੀ ਵਿਚ ਲਿਖਿਆ,''ਮੈਂ ਹੁਣ ਆਪਣੀ ਮਾਂ ਨਾਲ ਰਹਿ ਰਹੀ ਹਾਂ ਪਰ ਮੈਨੂੰ ਭਾਰਤ ਵਿਚ ਆਪਣੇ ਜੀਵਨ ਦੀ ਯਾਦ ਆਉਂਦੀ ਹੈ। ਹਿੰਦੁਸਤਾਨ ਵਿਚ ਮੇਰੇ ਸਾਰੇ ਦੋਸਤ, ਜਾਨਵਰ, ਸਕੂਲ ਅਤੇ ਖੁਸ਼ੀਆਂ ਵੱਸਦੀਆਂ ਹਨ। ਮੈਂ ਗੋਵਾ ਨੂੰ ਬਹੁਤ ਮਿਸ ਕਰ ਰਹੀ ਹਾਂ। ਖਾਸ ਕਰ ਕੇ ਆਪਣੀਆਂ ਗਾਵਾਂ ਨੂੰ।'' ਉਸ ਨੇ ਅੱਗੇ ਲਿਖਿਆ,'' ਮੈਂ ਗੋਵਾ ਵਿਚ ਸਥਿਤ ਆਪਣੇ ਸਕੂਲ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਉੱਥੇ ਪਸ਼ੂ ਬਚਾਅ ਕੇਂਦਰ ਵਿਚ ਆਪਣੀ ਸੇਵਾ ਯਾਦ ਆ ਰਹੀ ਹੈ ਜਿੱਥੇ ਮੈਂ ਗਾਂਵਾਂ ਦੀ ਦੇਖਭਾਲ ਵਿਚ ਮਦਦ ਕਰਦੀ ਸੀ। ਮੈਨੂੰ ਗੋਵਾ ਦੀ ਕੁਦਰਤ ਨਾਲ ਬਹੁਤ ਪਿਆਰ ਹੈ।''

ਭਾਰਤ ਵਾਪਸ ਆਉਣ ਦੀ ਅਪੀਲ ਕਰ ਰਹੀ ਬੱਚੀ ਫਿਲਹਾਲ ਕੰਬੋਡੀਆ ਵਿਚ ਹੈ। ਬੱਚੀ ਦੀ ਮਾਂ ਮਾਰਟਾ ਕੋਟਲਾਰਸਕਾ ਨੂੰ ਭਾਰਤ ਵਿਚ ਵੀਜ਼ਾ ਵਿਚ ਨਿਰਧਾਰਤ ਸਮੇਂ ਸੀਮਾ ਤੋਂ ਜ਼ਿਆਦਾ ਰੁਕਣ 'ਤੇ ਸਰਕਾਰ ਵੱਲੋਂ ਬਲੈਕਲਿਸਟ ਕਰ ਦਿੱਤਾ ਗਿਆ। ਮਾਰਟਾ ਪੇਸ਼ੇ ਤੋਂ ਇਕ ਫੋਟੋਗ੍ਰਾਫਰ ਹੈ ਉਹ ਬੀ-2 ਬਿਜ਼ਨੈੱਸ ਵੀਜ਼ਾ 'ਤੇ ਭਾਰਤ ਵਿਚ ਰਹਿ ਰਹੀ ਸੀ ਪਰ ਜਦੋਂ ਉਹ 24 ਮਾਰਚ ਨੂੰ ਬੰਗਲੌਰ ਕੈਮਪੇਗੌੜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਉਹ ਸ਼੍ਰੀਲੰਕਾ ਤੋਂ ਵੀਜ਼ਾ ਰਿਨਿਊ ਕਰਵਾ ਕੇ ਭਾਰਤ ਵਾਪਸ ਪਰਤ ਰਹੀ ਸੀ।

ਮਾਂ ਅਤੇ ਆਪਣੇ ਉੱਪਰ ਬੀਤ ਰਹੀ ਇਸੇ ਸਮੱਸਿਆ ਦਾ ਜ਼ਿਕਰ ਕਰਦਿਆਂ ਬੱਚੀ ਨੇ ਲਿਖਿਆ,''ਮੇਰੀ ਮਾਂ ਇਕ ਛੋਟੀ ਜਿਹੀ ਯਾਤਰਾ ਕਰ ਕੇ ਭਾਰਤ ਵਾਪਸ ਪਰਤ ਰਹੀ ਸੀ। ਪਰ ਅਧਿਕਾਰੀਆਂ ਨੇ ਇਹ ਕਹਿੰਦੇ ਹੋਏ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਮਨਾ ਕਰ ਦਿੱਤਾ ਕਿ ਸਾਨੂੰ ਬਲੈਕਲਿਸਟ ਕੀਤਾ ਜਾ ਚੁੱਕਾ ਹੈ।'' ਬੱਚੀ ਨੇ ਇਸ ਚਿੱਠੀ ਵਿਚ ਕੇਦਾਰਨਾਥ, ਬਦਰੀਨਾਥ ਅਤੇ ਗੰਗੋਤਰੀ ਦੇ ਪਵਿੱਤਰ ਮੰਦਰਾਂ ਦੀ ਯਾਤਰਾ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ,''ਮੈਂ ਭਗਵਾਨ ਸ਼ਿਵ ਅਤੇ ਨੰਦਾਦੇਵੀ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਮੇਰੀ ਮਦਦ ਕਰਨ। ਇਸ ਦੇ ਨਾਲ ਹੀ ਮੈਂ ਤੁਹਾਨੂੰ ਚਿੱਠੀ ਲਿਖਣ ਦਾ ਫੈਸਲਾ ਲਿਆ ਕਿਉਂਕਿ ਤੁਸੀਂ ਸਭ ਤੋਂ ਜ਼ਿਆਦਾ ਤਾਕਤਵਰ ਸ਼ਖਸ ਹੋ ਜੋ ਮੇਰੀ ਮਾਂ ਅਤੇ ਮੈਨੂੰ ਵਾਪਸ ਮੇਰੇ ਘਰ ਭਾਰਤ ਲਿਆ ਸਕਦੇ ਹੋ।''
ਮਾਰਟਾ ਨੇ ਟਵੀਟ 'ਤੇ ਦੱਸਿਆ ਕਿ ਉਹ ਭਾਰਤ ਵਾਪਸੀ ਦੇ ਸੰਬੰਧ ਵਿਚ ਭਾਰਤੀ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਲਿਖਦੀ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਮਾਰਟਾ ਮੁਤਾਬਕ ਉਸ ਦੀ ਬੇਟੀ 25 ਅਪ੍ਰੈਲ ਤੋਂ ਸਕੂਲ ਨਹੀਂ ਜਾ ਸਕੀ। ਇਸ ਲਈ ਉਨ੍ਹਾਂ ਦੇ ਭਾਰਤ ਪਰਤਣ ਦੀ ਪ੍ਰਕਿਰਿਆ ਜਲਦੀ ਪੂਰੀ ਕੀਤੀ ਜਾਵੇ ਤਾਂ ਜੋ ਉਸ ਦੀ ਬੇਟੀ ਪੜ੍ਹਾਈ ਜਾਰੀ ਰੱਖ ਸਕੇ।
ਕੇਜਰੀਵਾਲ ਦਾ ਵੱਡਾ ਐਲਾਨ, ਮੈਟਰੋ ਤੇ DTC ਬੱਸਾਂ 'ਚ ਮੁਫ਼ਤ ਸਫ਼ਰ ਕਰਨਗੀਆਂ ਔਰਤਾਂ
NEXT STORY