ਨੈਸ਼ਨਲ ਡੈਸਕ- ਲੱਦਾਖ ਨੂੰ ਸੰਵਿਧਾਨਕ ਸੁਰੱਖਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵਿਧਾਨ ਸਭਾ ਦੇ ਗਠਨ ਸਬੰਧੀ ਖਰੜਾ ਪ੍ਰਸਤਾਵ ’ਤੇ ਮਤਭੇਦਾਂ ਕਰ ਕੇ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਲੱਦਾਖ ਦੇ ਨੇਤਾਵਾਂ ਵਿਚਾਲੇ ਇੱਥੇ ਹੋਈ ਗੱਲਬਾਤ ਬੇਸਿੱਟਾ ਰਹੀ। ਦੋਵੇਂ ਧਿਰਾਂ ਆਪਣੇ-ਆਪਣੇ ਪ੍ਰਸਤਾਵਾਂ ’ਤੇ ਚਰਚਾ ਕਰਨ ਲਈ 22 ਅਕਤੂਬਰ ਨੂੰ ਨਵੀਂ ਦਿੱਲੀ ਵਿਚ ਫਿਰ ਬੈਠਕ ਕਰਨਗੀਆਂ। ‘ਲੇਹ ਐਪੈਕਸ ਬਾਡੀ’ (ਐੱਲ. ਏ. ਬੀ.) ਅਤੇ ‘ਕਾਰਗਿਲ ਡੈਮੋਕ੍ਰੇਟਿਕ ਅਲਾਇੰਸ’ (ਕੇ. ਡੀ. ਏ.) ਨੇ ਕੇਂਦਰ ਵੱਲੋਂ ਪੇਸ਼ ਕੀਤੇ ਖਰੜਾ ਪ੍ਰਸਤਾਵ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ।
ਲੱਦਾਖ ਨੂੰ ਸੰਵਿਧਾਨਕ ਸੁਰੱਖਿਆ ਲਈ ਅੰਦੋਲਨ ਦੀ ਅਗਵਾਈ ਕਰ ਰਹੇ ਐੱਲ. ਏ. ਬੀ. ਅਤੇ ਕੇ. ਡੀ. ਏ. ਦੇ ਨੁਮਾਇੰਦਿਆਂ ਅਤੇ ਗ੍ਰਹਿ ਮੰਤਰਾਲਾ ਦੀ ਉਪ-ਕਮੇਟੀ ਵਿਚਕਾਰ ਵੀਰਵਾਰ ਨੂੰ ਇੱਥੇ ਸਕੱਤਰੇਤ ਵਿਚ ਕਰੀਬ ਤਿੰਨ ਘੰਟੇ ਤੱਕ ਬੈਠਕ ਹੋਈ। ਲੱਦਾਖ ਦੇ ਵਫ਼ਦ ਵਿਚ ਲੋਕ ਸਭਾ ਮੈਂਬਰ ਹਾਜੀ ਹਨੀਫ਼ਾ ਜਾਨ, ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ, ਕਾਰਗਿਲ ਪਹਾੜੀ ਕੌਂਸਲ ਦੇ ਮੁੱਖ ਕਾਰਜਕਾਰੀ ਕੌਂਸਲਰ ਮੁਹੰਮਦ ਜ਼ਫ਼ਰ ਅਖ਼ੂਨ, ਲੱਦਾਖ ਦੇ ਮੁੱਖ ਸਕੱਤਰ ਆਸ਼ੀਸ਼ ਕੁੰਦਰਾ ਅਤੇ ਲੇਹ ਪਹਾੜੀ ਕੌਂਸਲ ਦੇ ਸਾਬਕਾ ਮੁੱਖ ਕਾਰਜਕਾਰੀ ਕੌਂਸਲਰ ਤਾਸ਼ੀ ਗਿਆਲਸਨ ਸ਼ਾਮਲ ਸਨ।
ਕੇ. ਡੀ. ਏ. ਦੇ ਸਹਿ-ਪ੍ਰਧਾਨ ਅਸਗਰ ਕਰਬਲਾਈ ਨੇ ਕਿਹਾ ਕਿ ਲੱਦਾਖ ਦੇ ਨੁਮਾਇੰਦਿਆਂ ਨੇ ਇਕ ਪ੍ਰਸ਼ਨਾਵਲੀ ਦੇ ਜਵਾਬ ਵਿਚ ਨੁਕਤਾਵਾਰ ਵਿਸਥਾਰਤ ਜਾਣਕਾਰੀ ਸੌਂਪੀ ਅਤੇ ਫਿਰ ਇਕ ਸਮਝੌਤਾ ਪੱਤਰ (ਐੱਮ. ਓ. ਯੂ.) ਪੇਸ਼ ਕੀਤਾ। ਇਸ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਆਪਣਾ ਖਰੜਾ ਪ੍ਰਸਤਾਵ ਸਾਂਝਾ ਕੀਤਾ। ਅਸਗਰ ਨੇ ਕਿਹਾ ਕਿ ਅਸੀਂ ਇਸ ਪੇਸ਼ਕਾਰੀ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹਾਂ। ਇਹ ਨਾ ਤਾਂ ਸਾਡੀਆਂ ਮੰਗਾਂ ਦੇ ਅਨੁਕੂਲ ਹੈ ਅਤੇ ਨਾ ਹੀ ਲੱਦਾਖ ਦੇ ਲੋਕ ਜੋ ਚਾਹੁੰਦੇ ਹਨ, ਉਸ ਨਾਲ ਮੇਲ ਖਾਂਦਾ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਕੇ. ਡੀ. ਏ. ਅਤੇ ਐੱਲ. ਏ. ਬੀ. ਦੀ ਅਗਵਾਈ ਨਾਲ ਖਰੜਾ ਸਾਂਝਾ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਬਾਅਦ ਦੋਵਾਂ ਸੰਗਠਨਾਂ ਦੇ ਕਾਨੂੰਨੀ ਮਾਹਿਰ ਪ੍ਰਸਤਾਵ ਦੀ ਸਮੀਖਿਆ ਕਰ ਕੇ ਜਵਾਬ ਤਿਆਰ ਕਰਨਗੇ ਅਤੇ 18 ਅਕਤੂਬਰ ਤੱਕ ਆਪਣਾ ਖਰੜਾ ਸੌਂਪਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਸਤਾਵਾਂ ’ਤੇ ਹੁਣ 22 ਅਕਤੂਬਰ ਨੂੰ ਦਿੱਲੀ ਵਿਚ ਹੋਣ ਵਾਲੀ ਅਗਲੀ ਬੈਠਕ ਵਿਚ ਚਰਚਾ ਕੀਤੀ ਜਾਵੇਗੀ।
ਸੋਨਮ ਵਾਂਗਚੁਕ ਨੇ ਕਿਹਾ ਕਿ ਲੱਦਾਖ ਦੀ ਅਗਵਾਈ ਬੈਠਕ ਦੇ ਨਤੀਜੇ ਤੋਂ ਅਸੰਤੁਸ਼ਟ ਹੈ ਪਰ ਸੋਧੇ ਹੋਏ ਖਰੜੇ ਦੀ ਸਮੀਖਿਆ ਹੋਣ ਤੱਕ ਉਹ ਇਸ ਬੈਠਕ ਨੂੰ ਪ੍ਰਕਿਰਿਆ ਦੀ ਨਿਰੰਤਰਤਾ ਦੇ ਰੂਪ ਵਿਚ ਦੇਖੇਗਾ, ਨਾ ਕਿ ਅਸਫ਼ਲਤਾ ਦੇ ਤੌਰ ’ਤੇ। ਐੱਲ. ਏ. ਬੀ. ਦੇ ਸਹਿ-ਪ੍ਰਧਾਨ ਸ਼ੇਰਿੰਗ ਦੋਰਜੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਆਪਣੇ-ਆਪਣੇ ਪ੍ਰਸਤਾਵ ਰੱਖੇ ਪਰ ਉਹ ਕਿਸੇ ਸਮਝੌਤੇ ’ਤੇ ਨਹੀਂ ਪਹੁੰਚ ਸਕੇ।
ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਭੂਚਾਲ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ 'ਤੇ 3.5 ਮਾਪੀ ਗਈ ਤੀਬਰਤਾ
NEXT STORY