ਨਵੀਂ ਦਿੱਲੀ– ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ’ਚੋਂ ਇਕ ਨਿਊਯਾਰਕ ’ਚ ਪੈਟਰੋਲ ਦੀ ਕੀਮਤ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਕਰੀਬ-ਕਰੀਬ ਅੱਧੀ ਹੈ। ਯਾਨੀ ਮੁੰਬਈ ’ਚ ਨਿਊਯਾਰਕ ਦੇ ਮੁਕਾਬਲੇ ਕਰੀਬ ਦੁੱਗਣੀ ਕੀਮਤ ’ਤੇ ਪੈਟਰੋਲ ਵਿਕ ਰਿਹਾ ਹੈ। ਮੁੰਬਈ ’ਚ ਪੈਟਰੋਲ ਦੀ ਕੀਮਤ ਅੱਜ 100.72 ਰੁਪਏ ਲਿਟਰ ਦੇ ਆਲ ਟਾਈਮ ਹਾਈ ’ਤੇ ਪਹੁੰਚ ਗਈ ਹੈ ਜਦ ਕਿ ਨਿਊਯਾਰਕ ਸਟੇਟ ਐਨਰਜੀ ਰਿਸਰਚ ਐਂਡ ਡਿਵੈੱਲਪਮੈਂਟ ਅਥਾਰਿਟੀ ਦੇ ਅੰਕੜਿਆਂ ਦੇ ਆਧਾਰ ’ਤੇ ਬਲੂਮਬਰਗ ਦੀ ਗਣਨਾ ਮੁਤਾਬਕ ਅਮਰੀਕੀ ਵਿੱਤੀ ਕੇਂਦਰ ’ਚ ਇਹ 0.79 ਡਾਲਰ ਯਾਨੀ 57.59 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ’ਚ ਪੈਟਰੋਲ ਦੀ ਕੀਮਤ ਇਕ ਸਾਲ ’ਚ 11 ਫੀਸਦੀ ਵਧੀ ਹੈ। ਪਿਛਲੇ ਇਕ ਸਾਲ ’ਚ ਭਾਰਤ ’ਚ ਪੈਟਰੋਲ-ਡੀਜ਼ਲ ਦੇ ਰੇਟ ਕਾਫੀ ਵਧੇ ਹਨ। ਇਨ੍ਹਾਂ ਈਂਧਨਾਂ ’ਤੇ ਟੈਕਸ ਹੁਣ ਪ੍ਰਚੂਨ ਮੁੱਲ ਦਾ ਲਗਭਗ 60 ਫੀਸਦੀ ਹੈ ਅਤੇ 2013 ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਲਗਭਗ ਛੇ ਗੁਣਾ ਵਧ ਗਿਆ ਹੈ।
ਇਸ ਮਹੀਨੇ 17 ਵਾਰ ਵਧੇ ਪੈਟਰੋਲ-ਡੀਜ਼ਲ ਦੇ ਰੇਟ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ, ਜਿਸ ਕਾਰਨ ਡੀਜ਼ਲ ਦਾ ਰੇਟ ਰਾਜਸਥਾਨ ਦੇ ਕੁਝ ਸਥਾਨਾਂ ’ਤੇ 98 ਰੁਪਏ ਪ੍ਰਤੀ ਲਿਟਰ ਦੇ ਪੱਧਰ ਨੂੰ ਪਾਰ ਕਰ ਗਿਆ। ਉਥੇ ਹੀ ਪੈਟਰੋਲ 105 ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਮਹੀਨੇ 17ਵੀਂ ਵਾਰ ਕੀਤੇ ਗਏ ਵਾਧੇ ਦੇ ਨਾਲ ਹੀ ਦੇਸ਼ ਭਰ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਤੱਕ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਵੈਟ ਅਤੇ ਮਾਲ ਢੁਆਈ ਟੈਕਸ ਵਰਗੇ ਸਥਾਨਕ ਟੈਕਸਾਂ ਕਾਰਨ ਵੱਖ-ਵੱਖ ਸੂਬਿਆਂ ’ਚ ਈਂਧਨ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਦੇਸ਼ ’ਚ ਪੈਟਰੋਲ ’ਤੇ ਸਭ ਤੋਂ ਜ਼ਿਆਦਾ ਵੈਟ ਰਾਜਸਥਾਨ ’ਚ ਲਗਦਾ ਹੈ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦਾ ਸਥਾਨ ਹੈ।
ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
ਤੇਲ ਦੀ ਖਪਤ ਘਟੀ, ਕੀਮਤ ਵਧੀ
ਕੋਰੋਨਾ ਇਨਫੈਕਸ਼ਨ ਰੋਕਣ ਲਈ ਕਈ ਪ੍ਰਦੇਸ਼ਾਂ ’ਚ ਲਾਕਡਾਊਨ ਅਤੇ ਨਾਈਟ ਕਰਫਿਊ ਕਾਰਨ ਪੈਟਰੋਲ-ਡੀਜ਼ਲ ਦੀ ਮੰਗ ਲਗਾਤਾਰ ਘੱਟ ਹੋਈ ਹੈ ਪਰ ਇਸ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ’ਚ ਵਾਧਾ ਹੋਇਆ ਹੈ। ਇਕ ਜਨਵਰੀ ਤੋਂ 31 ਮਈ ਦਰਮਿਆਨ ਪੈਟਰੋਲ ਦੀ ਕੀਮਤ ਕਰੀਬ ਸਾਢੇ 10 ਰੁਪਏ ਅਤੇ ਡੀਜ਼ਲ ਦੇ ਰੇਟ 11.28 ਰੁਪਏ ਵਧੇ ਹਨ ਜਦ ਕਿ ਜਨਵਰੀ ਦੇ ਮੁਕਾਬਲੇ ਅਪ੍ਰੈਲ ’ਚ ਪੈਟਰੋਲ ਦੀ ਖਪਤ 227 ਹਜ਼ਾਰ ਮੀਟ੍ਰਿਕ ਟਨ (ਐੱਮ. ਟੀ.) ਘੱਟ ਹੋਈ ਹੈ। ਉੱਥੇ ਹੀ ਡੀਜ਼ਲ ਦੀ ਮੰਗ ’ਚ ਇਹ ਕਮੀ 132 ਹਜ਼ਾਰ ਮੀਟ੍ਰਿਕ ਟਨ ਘਟੀ ਹੈ।
ਈਂਧਨ ਦੀ ਮੰਗ ’ਚ ਹੋਵੇਗਾ ਵਾਧਾ
ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਮਈ ਦੇ ਪਹਿਲੇ 15 ਦਿਨਾਂ ’ਚ ਅਪ੍ਰੈਲ ਦੀ ਇਸ ਮਿਆਦ ਦੇ ਮੁਕਾਬਲੇ ਈਂਧਨ ਦੀ ਮੰਗ ਕਰੀਬ 20 ਫੀਸਦੀ ਘੱਟ ਹੋਈ। ਅਪ੍ਰੈਲ ’ਚ ਪੈਟਰੋਲ 2384 ਹਜ਼ਾਰ ਐੱਮ. ਟੀ. ਅਤੇ ਡੀਜ਼ਲ 6679 ਹਜ਼ਾਰ ਐੱਮ. ਟੀ. ਦੀ ਖਪਤ ਹੋਈ ਸੀ। ਜਦ ਕਿ ਮਾਰਚ ’ਚ ਪੈਟਰੋਲ ਦੀ ਮੰਗ 2740 ਅਤੇ ਡੀਜ਼ਲ ਦੀ ਖਪਤ 7224 ਹਜ਼ਾਰ ਮੀਟ੍ਰਿਕ ਟਨ (ਐੱਮ. ਟੀ.) ਸੀ। ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਤੋਂ ਬਾਅਦ ਇਕ ਵਾਰ ਮੁੜ ਆਰਥਿਕ ਗਤੀਵਿਧੀਆਂ ਸ਼ੁਰੂ ਹੋਈਆਂ ਹਨ। ਅਜਿਹੇ ’ਚ ਉਮੀਦ ਹੈ ਕਿ ਈਂਧਨ ਦੀ ਮੰਗ ’ਚ ਵਾਧਾ ਹੋਵੇਗਾ। ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਦੇ ਅੰਕੜਿਆਂ ਮੁਤਾਬਕ ਕੱਚੇ ਤੇਲ ਦੇ ਰੇਟ ਅਪ੍ਰੈਲ ’ਚ ਵੀ ਕਰੀਬ 63.40 ਡਾਲਰ ਪ੍ਰਤੀ ਬੈਰਲ ’ਤੇ ਸਨ ਜਦਕਿ ਮਾਰਚ ’ਚ ਇਹ ਅੰਕੜਾ 64.73 ਡਾਲਰ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੁਲਮਰਗ ਦੇ ਸ਼ਿਵ ਮੰਦਰ ਦੀ ਹੋਈ ਮੁਰੰਮਤ, ਫੌਜ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਦਿੱਤਾ ਨਵਾਂ ਰੰਗ-ਰੂਪ
NEXT STORY