ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਹਰਿਆਣਾ 'ਚ ਕਾਂਗਰਸ 'ਤੇ ਹਮਲਾ ਜਾਰੀ ਰੱਖਦੇ ਹੋਏ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ 'ਚ ਰਾਹੁਲ ਗਾਂਧੀ ਦੀਆਂ ਚੋਣ ਗਾਰੰਟੀਆਂ ਅਸਫਲ ਰਹੀਆਂ ਹਨ, ਜਿੱਥੇ ਕਾਂਗਰਸ ਸੱਤਾ 'ਚ ਹੈ। ਗੁਰੂਗ੍ਰਾਮ ਦੇ ਬਾਦਸ਼ਾਹਪੁਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕਾਂਗਰਸ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ 'ਚ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ। ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਦੀਆਂ ਗਾਰੰਟੀਆਂ ਫੇਲ੍ਹ ਹੋ ਗਈਆਂ ਹਨ।
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਭਾਜਪਾ ਅਜਿਹਾ ਕੋਈ ਵਾਅਦਾ ਨਹੀਂ ਕਰਦੀ, ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ''ਰਾਹੁਲ ਬਾਬਾ ਐਂਡ ਕੰਪਨੀ ਦਾ ਵਿਕਾਸ ਨਹੀਂ ਹੋ ਸਕਦਾ'' ਅਤੇ ਸਿਰਫ ''ਡਬਲ ਇੰਜਣ'' ਵਾਲੀ ਸਰਕਾਰ ਹੀ ਹਰਿਆਣਾ ਦੇ ਵਿਕਾਸ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਾਂਗੇ, ਰਾਖਵੇਂਕਰਨ ਦੀ ਰੱਖਿਆ ਕਰਾਂਗੇ ਅਤੇ ਧਾਰਾ 370 ਨੂੰ ਕਦੇ ਵੀ ਵਾਪਸ ਨਹੀਂ ਆਉਣ ਦੇਵਾਂਗੇ।
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਕਾਂਗਰਸ ਨੇ 'ਵਨ ਰੈਂਕ ਵਨ ਪੈਨਸ਼ਨ' ਦੀ ਮੰਗ ਪੂਰੀ ਨਹੀਂ ਕੀਤੀ ਅਤੇ ਨਰਿੰਦਰ ਮੋਦੀ ਸਰਕਾਰ ਨੇ 2015 ਵਿਚ ਵਨ ਰੈਂਕ ਵਨ ਪੈਨਸ਼ਨ ਦਿੱਤੀ। ਅਗਨੀਪਥ ਯੋਜਨਾ ਨੂੰ ਲੈ ਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਾਹ ਨੇ ਰਾਹੁਲ ਗਾਂਧੀ ਨੂੰ 'ਝੂਠ ਬੋਲਣ ਵਾਲੀ ਮਸ਼ੀਨ' ਦੱਸਿਆ ਅਤੇ ਦੋਸ਼ ਲਾਇਆ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਹੈ ਕਿ ਅਗਨੀਪਥ ਨੂੰ ਨੌਕਰੀਆਂ ਨਹੀਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਜਵਾਨ ਰੱਖਣ ਲਈ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਜ ਸਾਲ ਬਾਅਦ ਤੁਹਾਨੂੰ ਇਕ ਵੀ ਅਗਨੀਵੀਰ ਨਹੀਂ ਮਿਲੇਗਾ ਜੋ ਪੈਨਸ਼ਨ ਯੋਗ ਨੌਕਰੀ ਤੋਂ ਵਾਂਝਾ ਹੋਵੇ।
Phone Tapping Case: ਵਿਧਾਇਕ ਅਨਵਰ ਖ਼ਿਲਾਫ਼ ਐੱਫਆਈਆਰ ਦਰਜ
NEXT STORY