ਨੈਸ਼ਨਲ ਡੈਸਕ- ਜੇਕਰ ਤੁਸੀਂ ਟਰੇਨ ਦੀ ਟਿਕਟ ਇਕ ਸੂਬੇ ਤੋਂ ਲਵੋ ਅਤੇ ਟਰੇਨ ਫੜਨ ਲਈ ਦੂਜੇ ਸੂਬੇ ਜਾਓ ਤਾਂ ਕਿਸ ਤਰ੍ਹਾਂ ਦਾ ਲੱਗੇਗਾ। ਅਜਿਹਾ ਹੀ ਰੋਜ਼ ਹੁੰਦਾ ਹੈ ਇਕ ਅਨੋਖੇ ਸਟੇਸ਼ਨ 'ਚ, ਜਿੱਥੇ ਟਰੇਨ ਦਾ ਇੰਜਣ ਕਿਸੇ ਇਕ ਸੂਬੇ 'ਚ ਹੁੰਦਾ ਹੈ ਅਤੇ ਗਾਰਡ ਦਾ ਡੱਬਾ ਕਿਸੇ ਦੂਜੇ ਸੂਬੇ 'ਚ ਖੜ੍ਹਾ ਹੁੰਦਾ ਹੈ। ਇਸ ਦਿਲਚਸਪ ਸਟੇਸ਼ਨ ਦਾ ਨਾਂ ਹੈ ਨਵਾਪੁਰ। ਰੇਲ ਮੰਤਰੀ ਪੀਊਸ਼ ਗੋਇਲ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਕੀ ਤੁਸੀਂ ਜਾਣਦੇ ਹੋ ਕਿ ਦੇਸ਼ 'ਚ ਇਕ ਰੇਲਵੇ ਸਟੇਸ਼ਨ ਅਜਿਹਾ ਵੀ ਹੈ, ਜੋ 2 ਸੂਬਿਆਂ 'ਚ ਸਥਿਤ ਹੈ? ਸੂਰਤ-ਭੁਸਾਵਲ ਲਾਈਨ 'ਤੇ ਨਵਾਪੁਰ ਇਕ ਅਜਿਹਾ ਸਟੇਸ਼ਨ ਹੈ, ਜਿੱਥੇ ਸਟੇਸ਼ਨ ਦੇ ਵਿਚੋ-ਵਿਚ 2 ਸੂਬਿਆਂ ਦੀਆਂ ਸਰਹੱਦਾਂ ਲੱਗਦੀਆਂ ਹਨ। ਇਸ ਲਈ ਇਸ ਸਟੇਸ਼ ਦਾ ਅੱਧਾ ਹਿੱਸਾ ਗੁਜਰਾਤ 'ਚ ਤਾਂ ਬਾਕੀ ਅੱਧਾ ਮਹਾਰਾਸ਼ਟਰ 'ਚ ਹੈ।
ਟਿਕਟ ਮਹਾਰਾਸ਼ਟਰ ਅਤੇ ਟਰੇਨ ਗੁਜਰਾਤ ਤੋਂ ਚੜ੍ਹਨੀ ਪੈਂਦੀ ਹੈ
ਇਹ ਇਕੱਲਾ ਰੇਲਵੇ ਸਟੇਸ਼ਨ ਹੈ ਜੋ ਗੁਜਰਾਤ ਅਤੇ ਮਹਾਰਾਸ਼ਟਰ ਦੋਹਾਂ ਹੀ ਸੂਬਿਆਂ ਦੇ ਅਧੀਨ ਆਉਂਦਾ ਹੈ। ਇੱਥੇ ਰੇਲਵੇ ਸਟੇਸ਼ਨ ਦੇ ਇਕ ਪਾਸੇ ਗੁਜਰਾਤ ਦਾ ਬੋਰਡ ਲੱਗਾ ਹੈ ਅਤੇ ਦੂਜੇ ਪਾਸੇ ਮਹਾਰਾਸ਼ਟਰ ਦਾ ਬੋਰਡ ਲੱਗਾ ਹੈ। ਦਿਲਚਸਪ ਤਾਂ ਇਹ ਹੈ ਕਿ ਇੱਥੇ ਟਿਕਟ ਕਾਊਂਟਰ ਮਹਾਰਾਸ਼ਟਰ 'ਚ ਪੈਂਦਾ ਹੈ, ਜਦੋਂ ਕਿ ਸਟੇਸ਼ਨ ਮਾਸਟਰ ਗੁਜਰਾਤ 'ਚ ਬੈਠਦੇ ਹਨ। ਟਰੇਨ ਗੁਜਰਾਤ ਵਾਲੇ ਹਿੱਸੇ 'ਚ ਚੜ੍ਹਨੀ ਪੈਂਦੀ ਹੈ।
ਇਕ ਅਜਿਹਾ ਬੈਂਚ ਜੋ 2 ਸੂਬਿਆਂ 'ਚ ਵੰਡਿਆ ਹੈ
ਸਟੇਸ਼ਨ 'ਤੇ ਇਕ ਬੈਂਚ ਅਜਿਹਾ ਵੀ ਹੈ, ਜਿਸ ਦਾ ਅੱਧਾ ਹਿੱਸਾ ਮਹਾਰਾਸ਼ਟਰ 'ਚ ਤਾਂ ਅੱਧਾ ਹਿੱਸਾ ਗੁਜਰਾਤ 'ਚ ਹੈ, ਜਿਸ ਕਾਰਨ ਇਸ ਸਟੇਸ਼ਨ ਦੀ ਬੈਂਚ 'ਤੇ ਬੈਠਣ ਵਾਲਿਆਂ ਨੂੰ ਇਹ ਧਿਆਨ ਦੇਣਾ ਪੈਂਦਾ ਹੈ ਕਿ ਉਹ ਕਿਸ ਸੂਬੇ 'ਚ ਬੈਠੇ ਹਨ। ਇੰਨਾ ਹੀ ਨਹੀਂ, ਇਸ ਸਟੇਸ਼ਨ 'ਤੇ 4-4 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਗੁਜਰਾਤੀਅਤੇ ਮਰਾਠੀ 'ਚ ਅਨਾਊਂਸਮੈਂਟ ਹੁੰਦੀ ਹੈ ਤਾਂ ਕਿ ਮਹਾਰਾਸ਼ਟਰ ਅਤੇ ਗੁਜਰਾਤ ਦੋਹਾਂ ਸੂਬਿਆਂ 'ਚ ਆਉਣ ਵਾਲੇ ਯਾਤਰੀਆਂ ਨੂੰ ਸਮਝਣ 'ਚ ਆਸਾਨੀ ਹੋਵੇ।
ਇਹ ਹੈ ਇਸ ਦਾ ਇਤਿਹਾਸ
ਜਾਣਕਾਰੀ ਅਨੁਸਾਰ ਨਵਾਪੁਰ ਰੇਲਵੇ ਸਟੇਸ਼ਨ ਬਣਾਉਣ ਦੌਰਾਨ ਮਹਾਰਾਸ਼ਟਰ ਅਤੇ ਗੁਜਰਾਤ ਦੀ ਵੰਡ ਨਹੀਂ ਹੋਈ ਸੀ। ਉਸ ਸਮੇਂ ਨਵਾਪੁਰ ਸਟੇਸ਼ਨ ਸੰਯੁਕਤ ਮੁੰਬਈ ਸੂਬੇ 'ਚ ਪੈਂਦਾ ਸੀ ਪਰ ਇਕ ਮਈ 1961 ਨੂੰ ਜਦੋਂ ਮੁੰਬਈ ਸੂਬੇ ਦੀ ਵੰਡ ਹੋਈ ਤਾਂ ਇਹ 2 ਸੂਬਿਆਂ 'ਚ ਮਹਾਰਾਸ਼ਟਰ ਅਤੇ ਗੁਜਰਾਤ 'ਚ ਵੰਡਿਆਂ ਗਿਆ। ਇਸ ਵੰਡ 'ਚ ਨਵਾਪੁਰ ਸਟੇਸ਼ਨ ਦੋਹਾਂ ਸੂਬਿਆਂ ਦਰਮਿਆਨ ਆ ਗਿਆ ਅਤੇ ਉਦੋਂ ਤੋਂ ਇਸ ਦੀ ਇਕ ਵੱਖ ਹੀ ਪਛਾਣ ਹੈ।
ਹਿਮਾਚਲ ਬਣਿਆ ਸਭ ਤੋਂ ਵੱਧ ਐੱਲ. ਪੀ. ਜੀ. ਸਹੂਲਤਾਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ
NEXT STORY