ਸਾਰੇ ਕਿਆਸਾਂ ’ਤੇ ਰੋਕ ਲਾਉਂਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਗਲੇ ਮਹੀਨੇ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਕਰਨ ਜਾ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਪੰਜਾਬ ਕੇਸਰੀ/ਜਗ ਬਾਣੀ ਦੇ ਅਕੂ ਸ਼੍ਰੀਵਾਸਤਵ ਤੇ ਮੁਕੇਸ਼ ਮੀਣਾ ਨਾਲ ਹੋਈ ਵਿਸ਼ੇਸ਼ ਗੱਲਬਾਤ ’ਚ ਸਾਰੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦਾ ਸਪਸ਼ਟ ਮੰਨਣਾ ਹੈ ਕਿ ਅਗਲੇ ਕੁਝ ਹੀ ਸਾਲਾਂ ’ਚ ਸੂਬੇ ਵਿਚ ਬਿਜਲੀ-ਪਾਣੀ ਲੋੜੀਂਦੀ ਮਾਤਰਾ ਵਿਚ ਮੁਹੱਈਆ ਹੋਣਗੇ ਅਤੇ ਅਸੀਂ ਆਤਮਨਿਰਭਰ ਬਣਾਂਗੇ। ਅਸੀਂ ਗੱਲ ਨਹੀਂ, ਕੰਮ ਕਰ ਕੇ ਜਨਤਾ ਦਾ ਦਿਲ ਜਿੱਤ ਰਹੇ ਹਾਂ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ‘ਜਗ ਬਾਣੀ’ ਦੀ ਵਿਸ਼ੇਸ਼ ਗੱਲਬਾਤ-
ਸਾਲ ਭਰ ਦੇ ਕਾਰਜਕਾਲ ਨੂੰ ਕਿਸ ਮਾਪਦੰਡ ’ਤੇ ਰੱਖਦੇ ਹੋ?
-ਰਾਜਸਥਾਨ ਲਗਾਤਾਰ ਵਿਕਾਸ ਕਰੇ, ਇਸ ਲਈ ਰਾਈਜ਼ਿੰਗ ਰਾਜਸਥਾਨ ਕਰਵਾ ਰਹੇ ਹਾਂ, ਜੋ ਅਗਲੇ 4 ਸਾਲ ਹੋਰ ਚੱਲੇਗਾ। ਪਹਿਲੇ ਹੀ ਸਾਲ ’ਚ ਰਾਈਜ਼ਿੰਗ ਰਾਜਸਥਾਨ ਦੇ ਮਾਧਿਅਮ ਰਾਹੀਂ ਉੱਦਮੀਆਂ ਤੇ ਨਿਵੇਸ਼ਕਾਂ ਨੂੰ ਬਿਹਤਰ ਮਾਹੌਲ ਤੇ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸੂਬੇ ਵਿਚ ਉਦਯੋਗ-ਧੰਦੇ ਸਥਾਪਤ ਹੋਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਰਾਈਜ਼ਿੰਗ ਰਾਜਸਥਾਨ ਦੇ ਪਹਿਲੇ ਪੜਾਅ ’ਚ 18 ਲੱਖ ਕਰੋੜ ਰੁਪਏ ਦੇ ਐੱਮ. ਓ. ਯੂ. ਹੋ ਚੁੱਕੇ ਹਨ।
ਤੁਹਾਡੀਆਂ ਤਰਜੀਹਾਂ ਕੀ ਹਨ?
–ਮੈਂ ਵੇਖਿਆ ਹੈ ਕਿ ਰਾਜਸਥਾਨ ਦੀ ਜਨਤਾ ਕੰਮ ’ਤੇ ਭਰੋਸਾ ਕਰਦੀ ਹੈ। ਅਸੀਂ 11 ਮਹੀਨਿਆਂ ਵਿਚ ਰਾਜਸਥਾਨ ’ਚ ਜੋ ਅਸਲ ਲੋੜ ਦੇ ਵਿਸ਼ੇ ਹਨ, ਉਨ੍ਹਾਂ ’ਤੇ ਕੰਮ ਕੀਤਾ ਹੈ। ਇਨ੍ਹਾਂ ਵਿਚ ਪਾਣੀ ਪਹਿਲੀ ਸਮੱਸਿਆ ਹੈ। ਆਮ ਲੋਕਾਂ ਨੂੰ ਪੀਣ ਲਈ ਪਾਣੀ ਅਤੇ ਕਿਸਾਨਾਂ ਨੂੰ ਸਿੰਚਾਈ ਲਈ। ਸੂਬੇ ਵਿਚ ਸਟੱਡੀ ਕਰ ਕੇ ਪਾਣੀ ਦੀ ਸਮੱਸਿਆ ਦਾ ਹੱਲ ਕਿਵੇਂ ਕੱਢਿਆ ਜਾਵੇ, ਉਸ ’ਤੇ ਕੰਮ ਕਰ ਰਹੇ ਹਾਂ। ਪੂਰਬੀ ਰਾਜਸਥਾਨ ਨੂੰ ਈ. ਆਰ. ਸੀ. ਪੀ. ਦਾ ਪਾਣੀ ਮੁਹੱਈਆ ਕਰਵਾਉਣ ਲਈ ਐੱਮ. ਓ. ਯੂ. ਕੀਤਾ ਗਿਆ ਹੈ। ਸ਼ੇਖਾਵਾਟੀ ’ਚ ਯਮੁਨਾ ਦਾ ਪਾਣੀ ਮਿਲੇਗਾ। ਦੂਜੀ ਪ੍ਰਮੁੱਖ ਸਮੱਸਿਆ ਬਿਜਲੀ ਦੀ ਹੈ। ਕਿਸਾਨਾਂ, ਉਦਯੋਗਾਂ, ਘਰੇਲੂ ਖਪਤਕਾਰਾਂ ਨੂੰ ਬਿਜਲੀ ਕਿਵੇਂ ਮੁਹੱਈਆ ਕਰਵਾਈ ਜਾਵੇ, ਇਸ ’ਤੇ ਫੋਕਸ ਕੀਤਾ ਗਿਆ ਹੈ। ਬਿਜਲੀ ਦੇ ਸੈਕਟਰ ’ਚ 5 ਲੱਖ ਕਰੋੜ ਰੁਪਏ ਦੇ ਐੱਮ. ਓ. ਯੂ. ਹੋਣਗੇ, ਜਿਸ ਨਾਲ ਸਾਲ 2027 ਤਕ ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਮਿਲੇਗੀ। ਕਾਂਗਰਸ ਨੇ ਪਿਛਲੇ 5 ਸਾਲਾਂ ’ਚ ਇਕ ਯੂਨਿਟ ਵੀ ਬਿਜਲੀ ਪੈਦਾ ਨਹੀਂ ਕੀਤੀ।
ਰਾਜਸਥਾਨ ਵਰਗੇ ਵੱਡੇ ਸੂਬੇ ਦਾ ਸ਼ਾਸਨ ਚਲਾਉਣ ਦਾ ਵੱਖਰਾ ਢੰਗ ਰਿਹਾ ਹੈ। ਇਨ੍ਹਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?
–ਅਸੀਂ ਕੰਮ ’ਤੇ ਵਿਸ਼ਵਾਸ ਕਰਦੇ ਹਾਂ। ਜਨਤਾ ਦੇ ਹਿੱਤ ਵਿਚ ਕੰਮ ਕੀਤਾ ਜਾ ਸਕਦਾ ਹੈ। ਉਸ ਨੂੰ ਧਿਆਨ ਵਿਚ ਰੱਖ ਕੇ ਕੰਮ ਕਰ ਰਹੇ ਹਾਂ। ਅਜੇ 11 ਮਹੀਨਿਆਂ ਵਿਚ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬਜਟ ਦਿੱਤਾ ਹੈ ਅਤੇ ਬਿਨਾਂ ਭੇਦਭਾਵ ਦੇ ਕੰਮ ਕਰਵਾਏ ਹਨ। ਸਾਨੂੰ ਕਾਂਗਰਸ ਦੀ ਬੁਰਾਈ ਕਰਨ ਨਾਲ ਕੋਈ ਮਤਲਬ ਨਹੀਂ। ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਵਿਰੋਧੀ ਧਿਰ ’ਤੇ ਹਮਲਾ ਨਹੀਂ ਕਰਦੇ, ਅਸੀਂ ਆਪਣੇ ਕੰਮ ’ਤੇ ਫੋਕਸ ਕਰਦੇ ਹਾਂ। ਇਸੇ ਤੋਂ ਜਨਤਾ ਖੁਸ਼ ਹੈ।
ਇਹ ਉਪ-ਚੋਣਾਂ ਕਿੰਨੀਆਂ ਅਹਿਮ ਹਨ?
–ਉਪ-ਚੋਣਾਂ ਸਬੰਧੀ ਅਸੀਂ ਪੂਰੀ ਤਿਆਰੀ ਨਾਲ ਮੈਦਾਨ ਵਿਚ ਹਾਂ। ਅਸੀਂ ਸੰਕਲਪ ਪੱਤਰ ਵਿਚ ਜਿਹੜੇ ਵਾਅਦੇ ਪੂਰੇ ਕੀਤੇ ਹਨ, ਉਨ੍ਹਾਂ ਨੂੰ ਅਤੇ ਬਜਟ ਵਿਚ ਕੀਤੇ ਗਏ ਕੰਮ ਨੂੰ ਲੈ ਕੇ ਜਨਤਾ ਵਿਚਕਾਰ ਜਾ ਰਹੇ ਹਾਂ। ਜਨਤਾ ਸਾਡੇ ਕੰਮ ਤੋਂ ਖੁਸ਼ ਹੈ। ਸਾਡੀ ਕੋਸ਼ਿਸ਼ ਹੈ ਕਿ ਉਦਯੋਗਪਤੀ ਤੇ ਵੱਡੇ ਵਪਾਰੀ ਰਾਜਸਥਾਨ ਦਾ ਰੁਖ਼ ਕਰਨ। ਅਸੀਂ ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਵਾਂਗੇ, ਜੋ ਹੋਰ ਸੂਬੇ ਦੇ ਰਹੇ ਹਨ।
ਸਰਕਾਰ ਦੀ ਵਰ੍ਹੇਗੰਢ ’ਤੇ ਰਾਜਸਥਾਨ ਨੂੰ ਕੀ ਸੌਗਾਤ ਮਿਲਣ ਵਾਲੀ ਹੈ?
–ਦੇਖੋ ਬਹੁਤ ਕੁਝ ਹੋ ਰਿਹਾ ਹੈ। ਅੱਗੇ ਵੀ ਇਸ ਤੋਂ ਹੋਰ ਚੰਗਾ ਹੋਵੇਗਾ। ਸਾਰੇ ਵਿਭਾਗਾਂ ਨੂੰ ਕਾਰਜ ਯੋਜਨਾ ਤਿਆਰ ਕਰਨ ਅਤੇ ਐਲਾਨਾਂ ਦੀ ਸੂਚੀ ਬਣਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਜਦੋਂ ਉਨ੍ਹਾਂ ਯਾਦ ਦਿਵਾਏ ਆਪਣੀ ਪੱਤਰਕਾਰਤਾ ਦੇ ਦਿਨ
ਸ਼ੁਰੂਆਤੀ ਦਿਨਾਂ ’ਚ ਲੱਗਭਗ 3 ਸਾਲ ਮੈਂ ਪੱਤਰਕਾਰਤਾ ਵੀ ਕੀਤੀ ਹੈ। ਸਾਲ 1993-94 ਦੇ ਦੌਰ ’ਚ ਭਰਤਪੁਰ ’ਚ ਖਬਰਾਂ ਬਣਾਉਣ ਅਤੇ ਭੇਜਣ ਦਾ ਕੰਮ ਕਰਦਾ ਸੀ। ਪਹਿਲਾਂ ਹੱਥ ਨਾਲ ਖਬਰਾਂ ਲਿਖਦਾ, ਫਿਰ ਉਸ ਦਾ ਬੰਡਲ ਬਣਾਉਂਦਾ, ਉਸ ਨੂੰ ਬੱਸ ਵਿਚ ਦੇਣ ਜਾਂਦਾ ਅਤੇ ਬਦਲੇ ’ਚ ਬੱਸ ਵਾਲੇ ਨੂੰ ਮੂੰਗਫਲੀ ਦੀ ਥੈਲੀ ਫੜਾ ਦਿੰਦਾ। ਵੱਖਰਾ ਹੀ ਜਨੂੰਨ ਸੀ ਉਸ ਦੌਰ ਵਿਚ। ਹੱਥ ਨਾਲ ਖਬਰ ਲਿਖ ਕੇ 2 ਵਜੇ ਪਹਿਲਾਂ ਆਗਰਾ ਜਾਣ ਵਾਲੀ ਬੱਸ ਵਿਚ ਦੇਣੀ ਹੁੰਦੀ ਸੀ। ਪੱਤਰਕਾਰਤਾ ਲਈ ਪਿੰਡ ’ਚੋਂ ਜਲਦੀ ਨਿਕਲਣਾ ਹੁੰਦਾ ਸੀ। ਉਹ ਦੌਰ ਹੀ ਵੱਖਰਾ ਸੀ। ਉਨ੍ਹੀਂ ਦਿਨੀਂ ਅਖਬਾਰਾਂ ਕੋਲ ਫੈਕਸ ਨਹੀਂ ਹੁੰਦੇ ਸਨ। ਇਸ ਲਈ ਖਬਰਾਂ ਭੇਜਣ ਦਾ ਇਹੀ ਇਕ ਤਰੀਕਾ ਸੀ ਅਤੇ ਕਈ ਵਾਰ ਤਾਂ ਖਬਰ 2 ਦਿਨ ਬਾਅਦ ਲੱਗਦੀ ਸੀ। ਇਸ ਤੋ ਇਲਾਵਾ ਮੈਨੂੰ ਕਵਿਤਾਵਾਂ ਲਿਖਣ ਦਾ ਵੀ ਸ਼ੌਕ ਸੀ। ‘ਪੰਜਾਬ ਕੇਸਰੀ’ ਨੂੰ ਮੈਂ ਉਸ ਵੇਲੇ ਤੋਂ ਪਸੰਦ ਕਰਦਾ ਹਾਂ ਅਤੇ ਇਸ ਦੀ ਭਰੋਸੇਯੋਗਤਾ ਦਾ ਕਾਇਲ ਹਾਂ।
ਸੰਗਠਨ ਤੋਂ ਸੱਤਾ ਦਾ ਰਸਤਾ
ਮੈਂ ਵਿਦਿਆਰਥੀ ਪ੍ਰੀਸ਼ਦ ਦੇ ਵੇਲੇ ਤੋਂ ਨੱਡਾ ਜੀ ਦੇ ਸੰਪਰਕ ਵਿਚ ਆਇਆ। ਉਨ੍ਹਾਂ ਨਾਲ ਏ. ਬੀ. ਵੀ. ਪੀ. ਵਿਚ ਕੰਮ ਕੀਤਾ, ਜਦੋਂਕਿ ਬਿਰਲਾ ਜੀ ਤੇ ਸ਼ਿਵਰਾਜ ਸਿੰਘ ਜੀ ਨਾਲ ਯੁਵਾ ਮੋਰਚੇ ਵਿਚ ਕੰਮ ਕੀਤਾ। ਮੈਂ ਲੰਮੇ ਸਮੇਂ ਤਕ (1990 ਤੋਂ 2002 ਤਕ) ਯੁਵਾ ਮੋਰਚਾ ਭਰਤਪੁਰ ਦਾ ਪ੍ਰਧਾਨ ਰਿਹਾ। ਇਸ ਤੋਂ ਬਾਅਦ ਜ਼ਿਲਾ ਭਾਜਪਾ ਵਿਚ ਵੀ ਅਹੁਦੇਦਾਰ ਰਿਹਾ। ਫਿਰ ਅਟਾਰੀ ਦਾ ਸਰਪੰਚ ਬਣਿਆ। ਲੰਮੇ ਸਮੇਂ ਤਕ ਸੂਬਾ ਭਾਜਪਾ ਵਿਚ ਅਹੁਦੇਦਾਰ ਰਿਹਾ ਅਤੇ ਸਾਂਗਾਨੇਰ (ਜੈਪੁਰ) ਤੋਂ ਪਹਿਲੀ ਵਾਰ ਵਿਧਾਇਕ ਬਣਿਆ।
ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ
NEXT STORY