ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਇੱਥੇ ਫ਼ੌਜ ਨੂੰ ਸਵਦੇਸ਼ੀ ਤੌਰ ’ਤੇ ਬਣੇ ਅਤਿਅੰਤ ਆਧੁਨਿਕ ਰੱਖਿਆ ਉਪਕਰਨ ਅਤੇ ਹਥਿਆਰ ਪ੍ਰਣਾਲੀਆਂ ਸੌਂਪੀਆਂ। ਇਸ ਮੌਕੇ ਉਨ੍ਹਾਂ ਨੂੰ ਭਵਿੱਖ ਦੇ ਪੈਦਲ ਸੈਨਿਕਾਂ ਦੀਆਂ ਲੋੜਾਂ ਨਾਲ ਸਬੰਧਤ ਅਤਿ-ਆਧੁਨਿਕ ਹਥਿਆਰਾਂ, ਉਪਕਰਨਾਂ ਅਤੇ ਪ੍ਰਣਾਲੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਰੱਖਿਆ ਮੰਤਰੀ ਨੇ ਫ਼ੌਜ ਨੂੰ ਆਧੁਨਿਕ ਬਾਰੂਦੀ ਸੁਰੰਗਾਂ, ਆਟੋਮੈਟਿਕ ਸੰਚਾਰ ਪ੍ਰਣਾਲੀ, ਉੱਨਤ ਲੰਬੀ ਰੇਂਜ ਦੀ ਦੇਖਣ ਵਾਲੀ ਪ੍ਰਣਾਲੀ ਅਤੇ ਉੱਨਤ ਥਰਮਲ ਇਮੇਜਰਸ ਵੀ ਸੌਂਪੇ। ਇਸ ਤੋਂ ਇਲਾਵਾ ਫ਼ੌਜ ਨੂੰ ਬਖਤਰਬੰਦ ਗੱਡੀਆਂ ਅਤੇ ਅਸਾਲਟ ਕਿਸ਼ਤੀਆਂ ਵੀ ਦਿੱਤੀਆਂ ਗਈਆਂ ਤਾਂ ਜੋ ਫ਼ੌਜੀ ਸਰਹੱਦਾਂ ’ਤੇ ਪੈਦਾ ਹੋਣ ਵਾਲੀ ਕਿਸੇ ਵੀ ਚੁਣੌਤੀ ਦਾ ਕਰੜਾ ਅਤੇ ਢੁੱਕਵਾਂ ਜਵਾਬ ਦੇ ਸਕਣ। ਇਹ ਸਾਜ਼ੋ-ਸਾਮਾਨ ਸਵੈ-ਨਿਰਭਰ ਭਾਰਤ ਅਭਿਆਨ ਤਹਿਤ ਫ਼ੌਜ, ਜਨਤਕ ਖੇਤਰ ਦੇ ਅਦਾਰਿਆਂ, ਰੱਖਿਆ ਖੋਜ ਤੇ ਵਿਕਾਸ ਸੰਗਠਨ ਅਤੇ ਉਦਯੋਗ ਵਲੋਂ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਜ਼ੋ-ਸਾਮਾਨ ਅਤੇ ਹਥਿਆਰ ਪ੍ਰਣਾਲੀਆਂ ਨਾਲ ਲੈਸ ਹੋਣ ਤੋਂ ਬਾਅਦ ਫ਼ੌਜ ਦੀ ਕਾਰਜਸ਼ੀਲ ਤਿਆਰੀ ਵਧੇਗੀ । ਨਾਲ ਹੀ ਇਸ ਦੀ ਕੁਸ਼ਲਤਾ ਅਤੇ ਫਾਇਰ ਪਾਵਰ ’ਚ ਵੀ ਵਾਧਾ ਹੋਵੇਗਾ। ਇਹ ਨਿੱਜੀ ਖੇਤਰ ਅਤੇ ਜਨਤਕ ਖੇਤਰ ਦੀ ਭਾਈਵਾਲੀ ਰਾਹੀਂ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਹੇ ਕਦਮ ਦੀ ਮਿਸਾਲ ਹੈ। ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਦਲੇ ਹੋਏ ਹਾਲਾਤ ਵਿੱਚ ਹਥਿਆਰਬੰਦ ਫੋਰਸਾਂ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਵੱਧ ਰਹੀਆਂ ਹਨ। ਇਨ੍ਹਾਂ ਲੋੜ ਨੂੰ ਪੂਰਾ ਕਰਨ ਲਈ ਹਥਿਆਰਬੰਦ ਫੋਰਸਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਘੱਟ ਸਮੇਂ ਵਿੱਚ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਅਤਿ-ਆਧੁਨਿਕ ਤਕਨੀਕ ਦੀ ਮਦਦ ਲੈਣੀ ਚਾਹੀਦੀ ਹੈ। ਇਸ ਮੌਕੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
‘ਅੱਤਵਾਦੀਆਂ ਨੇ ਭਾਰਤ ਵਿਰੁੱਧ ਬਣਾਈ ਖਤਰਨਾਕ ਯੋਜਨਾ’
NEXT STORY