ਸੋਨੀਪਤ/ਨੋਹਰ/ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ, ਇਸ ਦੇ ਜਵਾਬ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ਨੂੰ ਲਲਕਾਰਦੇ ਹੋਏ ਕਿਹਾ ਕਿ ਸਰਕਾਰ ਦੇ ਮੰਤਰੀ ਕਹਿੰਦੇ ਹਨ ਕਿ ਭੀੜ ਜੁਟਾਉਣ ਨਾਲ ਕਾਨੂੰਨ ਨਹੀਂ ਬਦਲਦੇ ਤਾਂ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਭੀੜ ਜੁਟਾਉਣ ਨਾਲ ਕਾਨੂੰਨ ਹੀ ਨਹੀਂ, ਸਰਕਾਰਾਂ ਵੀ ਬਦਲ ਜਾਇਆ ਕਰਦੀਆਂ ਹਨ। ਟਿਕੈਤ ਨੇ ਸਖ਼ਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਮੱਤ ਮਾਰੀ ਗਈ ਹੈ। ਇਹ ਸਾਰੇ ਦੇ ਸਾਰੇ ਪਾਗਲ ਹੋ ਗਏ ਹਨ। ਇਨ੍ਹਾਂ ਦੇ ਦਿਮਾਗ਼ ਖ਼ਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਲੁਟੇਰਿਆਂ ਦੀ ਸਰਕਾਰ ਹੈ ਅਤੇ ਪ੍ਰਧਾਨ ਮੰਤਰੀ ਲੁਟੇਰਿਆਂ ਦੇ ਆਖ਼ਰੀ ਬਾਦਸ਼ਾਹ ਸਾਬਿਤ ਹੋਣਗੇ। ਰਾਕੇਸ਼ ਟਿਕੈਤ ਨੇ ਖਰਖੋਦਾ ਤੇ ਨੋਹਰ 'ਚ ਸੋਮਵਾਰ ਨੂੰ ਆਯੋਜਿਤ ਮਹਾਪੰਚਾਇਤ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੰਚ ਤੋਂ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਦਾ ਬਿਆਨ- ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ
ਉਨ੍ਹਾਂ ਕਿਹਾ ਕਿ ਕਦੇ ਵੀ ਬਾਰਡਰ ਤੋਂ ਸੱਦਾ ਆ ਸਕਦਾ ਹੈ, ਇਸ ਤੋਂ ਬਾਅਦ 40 ਲੱਖ ਟਰੈਕਟਰਾਂ ਨਾਲ ਕਿਸਾਨ ਦਿੱਲੀ 'ਚ ਐਂਟਰੀ ਕਰਨਗੇ। ਟਿਕੈਤ ਨੇ ਇਹ ਵੀ ਜੋੜਿਆ ਕਿ ਇਸ ਵੱਲ ਹੱਲ ਕ੍ਰਾਂਤੀ ਹੋਵੇਗੀ, ਜਿਸ ਲਈ ਕਿਸਾਨ ਖੇਤਾਂ 'ਚ ਵਰਤੇ ਜਾਣ ਵਾਲੇ ਸਾਰੇ ਸੰਦਾਂ ਨਾਲ ਦਿੱਲੀ 'ਚ ਦਾਖ਼ਲ ਹੋਣਗੇ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਾਲੇ ਤਾਂ ਇੱਥੋਂ ਦੇ ਨੌਜਵਾਨਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਕਾਨੂੰਨ ਵਾਪਸ ਲੈ ਲਓ ਪਰ ਉਦੋਂ ਕੀ ਹੋਵੇਗਾ, ਜਦੋਂ ਨੌਜਵਾਨ ਸੱਤਾ ਵਾਪਸ ਮੰਗ ਲੈਣਗੇ। ਟਿਕੈਤ ਨੇ ਕਿਹਾ ਕਿ ਹੁਣ ਕਿਸਾਨ ਸਿਰਫ਼ ਖੇਤਾਂ 'ਚ ਕੰਮ ਹੀ ਨਹੀਂ ਕਰੇਗਾ ਸਗੋਂ ਦਿੱਲੀ ਦੀਆਂ ਪਾਲਸੀਆਂ 'ਤੇ ਧਿਆਨ ਵੀ ਰੱਖੇਗਾ। ਮਸਲਾ ਸਿਰਫ਼ 3 ਖੇਤੀ ਕਾਨੂੰਨਾਂ ਦਾ ਨਹੀਂ ਹੈ। ਬਿਜਲੀ, ਸੀਡ ਬਿੱਲ ਵਰਗੇ ਕਈ ਬਿੱਲ ਆਉਣੇ ਹਨ ਜੋ ਕਿਸਾਨਾਂ ਨੂੰ ਬਰਬਾਦ ਕਰ ਦੇਣਗੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਛਿੜੀ ਜੰਗ 'ਚ ਹਾਰ ਨਹੀਂ ਮੰਨਣਗੇ ਰਾਕੇਸ਼ ਟਿਕੈਤ, ਸਮਰਥਨ ਮੰਗਣ ਜਾਣਗੇ ਗੁਜਰਾਤ
ਟਿਕੈਤ ਨੇ ਕਿਸਾਨਾਂ ਨੂੰ ਵੀ ਨਸੀਹਤ ਦਿੱਤੀ ਕਿ ਹਾਲੇ ਆਪਣੀਆਂ ਫ਼ਸਲਾਂ ਨੂੰ ਬਰਬਾਦ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਕਿਸਾਨ ਮੋਰਚਾ ਦੇ 40 ਮੈਂਬਰਾਂ 'ਤੇ ਭਰੋਸਾ ਜਤਾਇਆ ਹੈ। ਇੱਥੋਂ ਦੀਆਂ ਖਾਪ ਪੰਚਾਇਤਾਂ ਨੇ ਆਪਣਾ ਸਮਰਥਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ 8 ਮਾਰਚ ਤੋਂ ਮੱਧ ਪ੍ਰਦੇਸ਼ ਵਿਚ ਰੈਲੀਆਂ ਕਰਨਗੇ। ਉੱਧਰ ਸਿੰਘੂ ਬਾਰਡਰ 'ਤੇ ਹੁਣ ਕਿਸਾਨ ਹਮਲਾਵਰ ਰੁਖ਼ ਅਖਤਿਆਰ ਕਰਦੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਸਿੰਘੂ 'ਚ ਕਿਸਾਨਾਂ ਨੇ ਮੰਚ ਤੋਂ ਐਲਾਨ ਕਰ ਦਿੱਤਾ ਕਿ ਸਰਕਾਰ ਨੇ ਜੋ ਅੰਦੋਲਨ ਖ਼ਤਮ ਕਰਨ ਦਾ ਦਬਾਅ ਪਾਇਆ ਤਾਂ ਉਹ ਪੰਜਾਬ 'ਚ ਆਪਣੇ ਖੇਤਾਂ 'ਚ ਖੜੀਆਂ ਫ਼ਸਲਾਂ ਸਾੜ ਦੇਣਗੇ। ਅੰਦੋਲਨ ਉਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ। ਕਿਸਾਨ ਇੰਨੀਆਂ ਕੁਰਬਾਨੀਆਂ ਦੇ ਕੇ ਪਿੱਛੇ ਨਹੀਂ ਹਟਣਗੇ। ਸਰਕਾਰ ਨਾਲ ਲੜਾਈ ਹੁਣ ਆਰ-ਪਾਰ ਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਕਿਸਾਨ ਆਗੂਆਂ 'ਤੇ ਪੁਲਸ ਛਾਪਾ ਮਾਰਨ ਦੀ ਯੋਜਨਾ ਬਣਾ ਰਹੀ ਹੈ ਪਰ ਕਿਸਾਨ ਇਸ ਤੋਂ ਡਰਣ ਵਾਲੇ ਨਹੀਂ ਹਨ।
ਇਹ ਵੀ ਪੜ੍ਹੋ : ਕਿਸਾਨੀ ਘੋਲ: ਕੱਲ੍ਹ 'ਪੱਗੜੀ ਸੰਭਾਲ ਦਿਹਾੜਾ' ਮਨਾਉਣਗੇ ਕਿਸਾਨ, ਅਗਲੇ ਪ੍ਰੋਗਰਾਮਾਂ ਦਾ ਵੀ ਕੀਤਾ ਐਲਾਨ
ਖੁਦਾਈ ਦੌਰਾਨ ਮਿਲੇ ਦੋ ਬੇਸ਼ਕੀਮਤੀ ਹੀਰੇ, ਰਾਤੋ-ਰਾਤ ਬਦਲੀ ਮਜ਼ਦੂਰ ਦੀ ਕਿਸਮਤ
NEXT STORY