ਚੰਬਾ (ਹਿਮਾਚਲ ਪ੍ਰਦੇਸ਼) : ਹਿਮਾਚਲ ਪ੍ਰਦੇਸ਼ ਦੇ ਜੰਗਲੀ ਜੀਵਨ ਇਤਿਹਾਸ 'ਚ ਇੱਕ ਨਵਾਂ ਤੇ ਸੁਨਹਿਰੀ ਪੰਨਾ ਜੁੜ ਗਿਆ ਹੈ। ਜ਼ਿਲ੍ਹਾ ਚੰਬਾ ਦੇ ਭਰਮੌਰ ਖੇਤਰ ਵਿੱਚ ਸਥਿਤ ਤੁੰਦਾਂਹ ਦੇ ਸੰਘਣੇ ਜੰਗਲਾਂ ਵਿੱਚ ਇੱਕ ਬੇਹੱਦ ਦੁਰਲੱਭ 'ਸਫੈਦ ਬਾਂਦਰ' ਦੇਖਿਆ ਗਿਆ ਹੈ। ਜੰਗਲਾਤ ਵਿਭਾਗ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦੇ ਬਾਂਦਰ ਦੇ ਦੇਖੇ ਜਾਣ ਦੀ ਇਹ ਪਹਿਲੀ ਘਟਨਾ ਹੈ।
ਕਿਵੇਂ ਹੋਇਆ ਖੁਲਾਸਾ?
ਜਾਣਕਾਰੀ ਅਨੁਸਾਰ, ਐਤਵਾਰ ਨੂੰ ਤੁੰਦਾਂਹ ਰੇਂਜ ਦੇ ਜੰਗਲਾਤ ਰੱਖਿਅਕ ਕੁਸ਼ਲ ਕੁਮਾਰ ਆਪਣੀ ਨਿਯਮਤ ਗਸ਼ਤ 'ਤੇ ਸਨ, ਜਦੋਂ ਉਨ੍ਹਾਂ ਦੀ ਨਜ਼ਰ ਬਾਂਦਰਾਂ ਦੇ ਇੱਕ ਝੁੰਡ 'ਤੇ ਪਈ। ਝੁੰਡ ਵਿੱਚ ਇੱਕ ਮਾਦਾ ਬਾਂਦਰ ਦੀ ਪਿੱਠ 'ਤੇ ਇੱਕ ਅਜਿਹਾ ਬਾਂਦਰ ਬੈਠਾ ਸੀ, ਜਿਸਦਾ ਰੰਗ ਆਮ ਭੂਰੇ ਰੰਗ ਦੀ ਬਜਾਏ ਸਿਰ ਤੋਂ ਲੈ ਕੇ ਪੂਛ ਤੱਕ ਸਫੈਦ ਸੀ। ਜੰਗਲਾਤ ਰੱਖਿਅਕ ਨੇ ਇਸ ਦੁਰਲੱਭ ਪਲ ਨੂੰ ਤੁਰੰਤ ਆਪਣੇ ਕੈਮਰੇ 'ਚ ਕੈਦ ਕਰ ਲਿਆ।
'ਐਲਬਿਨਿਜ਼ਮ' ਦੀ ਸਥਿਤੀ
ਜੰਗਲੀ ਜੀਵ ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਾਂਦਰ ਦੀ ਕੋਈ ਨਵੀਂ ਜਾਂ ਵਿਦੇਸ਼ੀ ਪ੍ਰਜਾਤੀ ਨਹੀਂ ਹੈ। ਇਹ ਆਮ 'ਰੀਸਸ ਮਕਾਕ' (Rhesus Macaque) ਹੀ ਹੈ, ਜੋ 'ਐਲਬਿਨਿਜ਼ਮ' (Albinism) ਨਾਮਕ ਜੈਨੇਟਿਕ ਸਥਿਤੀ ਤੋਂ ਪੀੜਤ ਹੈ। ਇਸ ਹਾਲਤ 'ਚ, ਸਰੀਰ 'ਚ ਚਮੜੀ, ਵਾਲਾਂ ਅਤੇ ਅੱਖਾਂ ਨੂੰ ਰੰਗ ਦੇਣ ਵਾਲਾ ਪਿਗਮੈਂਟ 'ਮੇਲੇਨਿਨ' ਬਹੁਤ ਘੱਟ ਬਣਦਾ ਹੈ ਜਾਂ ਬਿਲਕੁਲ ਨਹੀਂ ਬਣਦਾ, ਜਿਸ ਕਾਰਨ ਇਹ ਬਾਂਦਰ ਪੂਰੀ ਤਰ੍ਹਾਂ ਸਫੈਦ ਦਿਖਾਈ ਦੇ ਰਿਹਾ ਹੈ।
ਜੈਵ ਵਿਭਿੰਨਤਾ ਲਈ ਸ਼ੁਭ ਸੰਕੇਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਵਿੱਚ ਅਜਿਹਾ ਦੁਰਲੱਭ ਸਫੇਦ ਰੀਸਸ ਮਕਾਕ ਸਿਰਫ਼ ਇੱਕ ਵਾਰ ਸਾਲ 2022 ਵਿੱਚ ਅਸਮ ਵਿੱਚ ਦੇਖਿਆ ਗਿਆ ਸੀ। ਹੁਣ ਹਿਮਾਚਲ ਦੇ ਤੁੰਦਾਂਹ ਜੰਗਲ ਵਿੱਚ ਇਸ ਦਾ ਦਿਖਣਾ ਜੈਵ ਵਿਭਿੰਨਤਾ ਲਈ ਇੱਕ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੰਗਲ ਵਿੱਚ 'ਐਲਬੀਨੋ' ਜੀਵ ਦਾ ਦਿਖਣਾ ਸਦੀਆਂ 'ਚ ਇੱਕ ਵਾਰ ਹੋਣ ਵਾਲੀ ਘਟਨਾ ਵਰਗਾ ਹੈ।
ਜੰਗਲਾਤ ਰੱਖਿਅਕ ਕੁਸ਼ਲ ਕੁਮਾਰ ਨੇ ਦੱਸਿਆ ਕਿ ਟੀਮ ਮੰਗਲਵਾਰ ਨੂੰ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਾਂਦਰ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵਣ ਵਿਭਾਗ ਨੇ ਇਸ ਖੇਤਰ ਵਿੱਚ ਨਿਗਰਾਨੀ ਵਧਾ ਦਿੱਤੀ ਹੈ ਤਾਂ ਜੋ ਇਸ ਦੁਰਲੱਭ ਜੀਵ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਦੁਰਲੱਭ ਜੀਵ ਉੱਤੇ ਇੱਕ ਡਾਕੂਮੈਂਟਰੀ ਵੀ ਤਿਆਰ ਕੀਤੀ ਜਾਵੇਗੀ।
ਓਡਿਸ਼ਾ ਦੇ CM, ਡਿਪਟੀ CM ਤੇ ਮੰਤਰੀਆਂ ਦੇ ਸਰਕਾਰੀ ਨਿਵਾਸਾਂ ਦੇ ਨਵੀਨੀਕਰਨ ’ਤੇ 3.39 ਕਰੋੜ ਦਾ ਖਰਚ
NEXT STORY