ਪੁਰੀ- ਓਡੀਸ਼ਾ ਦੇ ਪੁਰੀ ਦੇ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਪ੍ਰਸਿੱਧ ਖਜ਼ਾਨੇ 'ਰਤਨ ਭੰਡਾਰ' ਨੂੰ ਵੀਰਵਾਰ ਨੂੰ ਇਸ ਦੇ ਕੀਮਤੀ ਸਾਮਾਨ ਨੂੰ ਅਸਥਾਈ 'ਸਟ੍ਰਾਂਗ ਰੂਮ' 'ਚ ਤਬਦੀਲ ਕਰਨ ਲਈ ਮੁੜ ਖੋਲ੍ਹਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਤਨ ਭੰਡਾਰ ਨੂੰ ਸਵੇਰੇ 9.51 ਵਜੇ ਮੁੜ ਖੋਲ੍ਹਿਆ ਗਿਆ। ਇਕ ਹਫ਼ਤੇ 'ਚ ਇਹ ਦੂਜੀ ਵਾਰ ਹੈ ਜਦੋਂ ਖ਼ਜ਼ਾਨਾ ਖੁੱਲ੍ਹਿਆ ਹੈ। ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭੈਣ-ਭਰਾ- ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੀ ਪੂਜਾ ਕਰਨ ਬਾਅਦ ਕੀਮਤੀ ਸਾਮਾਨ ਨੂੰ ਦੂਜੀ ਥਾਂ 'ਤੇ ਰੱਖਣ ਲਈ ਓਡੀਸ਼ਾ ਸਰਕਾਰ ਵਲੋਂ ਗਠਿਤ ਨਿਗਰਾਨੀ ਕਮੇਟੀ ਦੇ ਮੈਂਬਰ ਸਵੇਰੇ ਕਰੀਬ 9 ਵਜੇ ਮੰਦਰ ਵਿਚ ਦਾਖਲ ਹੋਏ।
ਮੰਦਰ ਵਿਚ ਐਂਟਰੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਗਰਾਨੀ ਕਮੇਟੀ ਦੇ ਚੇਅਰਮੈਨ ਅਤੇ ਓਡੀਸ਼ਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਵਿਸ਼ਵਨਾਥ ਰਥ ਨੇ ਕਿਹਾ ਕਿ ਅਸੀਂ ਖਜ਼ਾਨੇ ਦੇ ਅੰਦਰਲੇ ਚੈਂਬਰ ਵਿਚ ਰੱਖੇ ਸਾਰੇ ਕੀਮਤੀ ਸਾਮਾਨ ਨੂੰ ਤਬਦੀਲ ਕਰਨ ਲਈ ਭਗਵਾਨ ਜਗਨਨਾਥ ਤੋਂ ਆਸ਼ੀਰਵਾਦ ਮੰਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਤਨ ਭੰਡਾਰ 46 ਸਾਲ ਬਾਅਦ 14 ਜੁਲਾਈ ਨੂੰ ਖੋਲ੍ਹਿਆ ਗਿਆ ਸੀ। ਉਸ ਦਿਨ ਗਹਿਣੇ ਅਤੇ ਕੀਮਤੀ ਸਾਮਾਨ ਨੂੰ ਖਜ਼ਾਨੇ ਦੇ ਬਾਹਰਲੇ ਚੈਂਬਰ ਤੋਂ 'ਸਟ੍ਰਾਂਗ ਰੂਮ' 'ਚ ਤਬਦੀਲ ਕਰ ਦਿੱਤਾ ਗਿਆ ਸੀ। ਜਸਟਿਸ ਰਥ ਨੇ ਪੁਰੀ ਦੇ ਰਾਜਾ ਅਤੇ ਗਜਪਤੀ ਮਹਾਰਾਜਾ ਦਿਵਿਆ ਸਿੰਘ ਦੇਵ ਨੂੰ ਰਤਨ ਭੰਡਾਰ 'ਚ ਮੌਜੂਦ ਰਹਿਣ ਅਤੇ ਉੱਥੋਂ ਕੀਮਤੀ ਸਾਮਾਨ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਦੀ ਵੀ ਬੇਨਤੀ ਕੀਤੀ।
ਪੁਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਿਧਾਰਥ ਸ਼ੰਕਰ ਸਵੈਨ ਨੇ ਕਿਹਾ ਕਿ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਰਵਾਇਤੀ ਪਹਿਰਾਵੇ ਨਾਲ ਖ਼ਜ਼ਾਨੇ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੈ। ਜੇਕਰ ਅੱਜ ਕੀਮਤੀ ਸਾਮਾਨ ਨੂੰ ਸ਼ਿਫਟ ਕਰਨ ਦਾ ਕੰਮ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਮੁਤਾਬਕ ਅੱਗੇ ਵੀ ਜਾਰੀ ਰਹੇਗਾ। ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਮੰਦਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਮੰਦਰ 'ਚ ਸ਼ਰਧਾਲੂਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ।
ਅਮਰਨਾਥ ਗੁਫਾ ਮੰਦਰ ਲਈ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਜੰਮੂ ਤੋਂ ਰਵਾਨਾ
NEXT STORY