ਨਵੀਂ ਦਿੱਲੀ— ਅਨਲਾਕ-1 ਵਿਚ ਛੋਟ ਮਿਲਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਕੱਲ ਤੋਂ ਭਾਵ 8 ਜੂਨ ਤੋਂ ਦੇਸ਼ ਭਰ 'ਚ ਜਿੱਥੇ ਮੰਦਰ, ਰੈਸਟੋਰੈਂਟ ਖੁੱਲ੍ਹ ਜਾਣਗੇ, ਉੱਥੇ ਹੀ ਦਿੱਲੀ 'ਚ ਵੀ ਮਾਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੈਂਕਵੇਟ ਹਾਲ (ਦਾਅਵਤ ਹਾਲ) ਅਤੇ ਹੋਟਲ ਬੰਦ ਰਹਿਣਗੇ। ਕੇਜਰੀਵਾਲ ਨੇ ਐਤਵਾਰ ਨੂੰ ਇਕ ਆਨਲਾਈਨ ਬ੍ਰੀਫਿੰਗ ਵਿਚ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਟਲ ਅਤੇ ਬੈਂਕਵੇਟ ਹਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿਚ ਤਬਦੀਲ ਕੀਤੇ ਜਾ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਿੱਲੀ ਵਿਚ ਮਾਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਕੱਲ ਤੋਂ ਖੁੱਲ੍ਹਣਗੇ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 30 ਮਈ ਨੂੰ ਕਿਹਾ ਸੀ ਕਿ 8 ਜੂਨ ਤੋਂ ਦੇਸ਼ ਵਿਚ 'ਅਨਲਾਕ-1' ਸ਼ੁਰੂ ਹੋਵੇਗਾ ਅਤੇ ਤਾਲਾਬੰਦੀ ਵਿਚ ਕਾਫੀ ਹੱਦ ਤੱਕ ਢਿੱਲ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ 25 ਮਾਰਚ ਤੋਂ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਤਾਲਾਬੰਦੀ ਲਾਗੂ ਕੀਤੀ ਸੀ। ਓਧਰ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਮਾਸਕ ਲਾਉਣ ਵਰਗੇ ਨਿਯਮਾਂ ਨੂੰ ਅਮਲ 'ਚ ਲਿਆਵੇਗੀ, ਕਿਉਂਕਿ ਕੇਂਦਰ ਅਤੇ ਮਾਹਰਾਂ ਨੇ ਇਨ੍ਹਾਂ ਸਥਾਨਾਂ 'ਤੇ ਇਸ ਦਾ ਪਾਲਣ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਅਸੀਂ ਹੋਟਲਾਂ ਅਤੇ ਬੈਂਕਵੇਟ ਹਾਲ ਨੂੰ ਹਸਪਤਾਲਾਂ ਨਾਲ ਜੋੜ ਸਕਦੇ ਹਾਂ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਤਬਦੀਲ ਕਰ ਸਕਦੇ ਹਾਂ। ਜਿਸ ਦੀ ਵਜ੍ਹਾ ਕਰ ਕੇ ਹੋਟਲ ਅਤੇ ਬੈਂਕਵੇਟ ਹਾਲ ਨੂੰ ਅਜੇ ਨਹੀਂ ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 27,500 ਹੋ ਗਏ ਅਤੇ ਇਸ ਵਾਇਰਸ ਨਾਲ ਹੁਣ ਤੱਕ 761 ਲੋਕਾਂ ਦੀ ਮੌਤ ਹੋਈ ਹੈ।
ਪਾਸਪੋਰਟ ਦੀ ਇਹ ਸਹੂਲਤ ਖਤਮ, ਬੰਗਲਾਦੇਸ਼, ਸ਼੍ਰੀਲੰਕਾ ਤੇ ਹੱਜ ਜਾਣ ਵਾਲੇ ਲੋਕਾਂ ਲਈ ਰਾਹਤ
NEXT STORY