ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਮੌਕੇ ਕਰਤੱਵ ਪੱਥ 'ਤੇ ਆਯੋਜਿਤ ਪਰੇਡ ਵਿੱਚ ਅਸਾਮ ਰਾਜ ਨੇ ਆਪਣੀ ਮਸ਼ਹੂਰ ਟੈਰਾਕੋਟਾ ਸ਼ਿਲਪ ਪਰੰਪਰਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਝਾਕੀ ਰਾਹੀਂ ਅਸਾਮ ਦੇ ਧੁਬਰੀ ਜ਼ਿਲ੍ਹੇ ਦੇ ਅਸ਼ਾਰੀਕਾਂਡੀ ਪਿੰਡ ਨੂੰ ਦਰਸਾਇਆ ਗਿਆ, ਜਿਸ ਨੂੰ ਭਾਰਤ ਵਿੱਚ ਰਵਾਇਤੀ ਅਸਾਮੀ ਟੈਰਾਕੋਟਾ ਕਾਰੀਗਰਾਂ ਦਾ ਸਭ ਤੋਂ ਵੱਡਾ ਅਤੇ ਪ੍ਰਸਿੱਧ ਸਮੂਹ ਮੰਨਿਆ ਜਾਂਦਾ ਹੈ। ਅਸਾਮ ਦੀ ਝਾਕੀ 'ਚ ਸਦੀਆਂ ਪੁਰਾਣੀ ਵਿਰਾਸਤ ਦਿਖਾਈ ਗਈ। ਇਸ ਵਿਚ ਅਸ਼ਾਰੀਕਾਂਡੀ ਪਿੰਡ ਦੀ ਉਸ ਮਿੱਟੀ ਸ਼ਿਲਪ ਕਲਾ ਨੂੰ ਉਕੇਰਿਆ ਗਿਆ, ਜੋ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ। ਇੱਥੋਂ ਦੇ ਸ਼ਿਲਪਕਾਰ ਪਰਿਵਾਰ ਇਸ ਕਲਾ ਰਾਹੀਂ ਨਾ ਸਿਰਫ਼ ਆਪਣੀ ਆਜੀਵਿਕਾ ਚਲਾ ਰਹੇ ਹਨ, ਸਗੋਂ ਇਸ ਦੀ ਸਾਦਗੀ ਅਤੇ ਸੱਭਿਆਚਾਰਕ ਮਹੱਤਵ ਨੂੰ ਵੀ ਸੰਜੋ ਕੇ ਰੱਖ ਰਹੇ ਹਨ।
ਝਾਕੀ ਦੀ ਬਣਤਰ ਅਤੇ ਖ਼ਾਸੀਅਤਾਂ
• ਮੁੱਖ ਆਕਰਸ਼ਣ: ਝਾਕੀ ਦੇ ਅਗਲੇ ਹਿੱਸੇ ਵਿੱਚ ਮਿੱਟੀ ਦੇ ਦੀਵਿਆਂ ਦੇ ਨਾਲ ਇੱਕ ਵਿਸ਼ਾਲ ਟੈਰਾਕੋਟਾ ਗੁੱਡੀ ਨੂੰ ਕੇਂਦਰੀ ਆਕਰਸ਼ਣ ਵਜੋਂ ਪੇਸ਼ ਕੀਤਾ ਗਿਆ।
• ਬਾਂਸ ਦੀ ਵਿਰਾਸਤ: ਝਾਕੀ ਦੇ ਟਰੈਕਟਰ ਵਾਲੇ ਹਿੱਸੇ ਨੂੰ ਬਾਂਸ ਦੀ ਵਾੜ ਨਾਲ ਸਜਾਇਆ ਗਿਆ ਸੀ, ਜੋ ਅਸਾਮ ਦੀ ਅਮੀਰ ਬਾਂਸ ਵਿਰਾਸਤ, ਪੇਂਡੂ ਆਰਥਿਕਤਾ ਅਤੇ ਟਿਕਾਊ ਵਿਕਾਸ ਵਿੱਚ ਇਸਦੀ ਭੂਮਿਕਾ ਦਾ ਪ੍ਰਤੀਕ ਹੈ।
• ਮਯੂਰਪੰਖੀ ਕਿਸ਼ਤੀ: ਝਾਕੀ ਦਾ ਪਿਛਲਾ ਹਿੱਸਾ ਇੱਕ ‘ਮਯੂਰਪੰਖੀ’ ਕਿਸ਼ਤੀ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਜੋ ਅਸਾਮ ਦੀ ਨਦੀ-ਆਧਾਰਿਤ ਪਛਾਣ ਅਤੇ ਇਤਿਹਾਸਕ ਜਲ ਮਾਰਗਾਂ ਦੀ ਯਾਦ ਦਿਵਾਉਂਦਾ ਹੈ,।
ਇਸ ਝਾਕੀ ਵਿੱਚ ਕਾਰੀਗਰਾਂ ਨੂੰ 'ਹੀਰਾਮਾਟੀ' (ਮਿੱਟੀ) ਨਾਲ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ ਹੋਏ ਦਿਖਾਇਆ ਗਿਆ, ਜੋ ਇਸ ਸ਼ਿਲਪਕਾਰੀ ਦੇ ਅਧਿਆਤਮਿਕ ਭਾਵ ਨੂੰ ਉਜਾਗਰ ਕਰਦਾ ਹੈ। ਇਸ ਦੇ ਨਾਲ ਹੀ, ਰਵਾਇਤੀ ਮੇਖੇਲਾ ਚਾਦਰ ਪਹਿਨ ਕੇ ਮਹਿਲਾ ਕਾਰੀਗਰਾਂ ਨੇ ਆਪਣੇ ਗੀਤਾਂ ਰਾਹੀਂ ਆਪਣੀ ਕਲਾ 'ਤੇ ਮਾਣ ਪ੍ਰਗਟ ਕੀਤਾ। ਇਹ ਕਲਾ ਹੁਣ ਨਾ ਸਿਰਫ਼ ਵਿਸ਼ਵ ਪੱਧਰ 'ਤੇ ਪਛਾਣ ਹਾਸਲ ਕਰ ਰਹੀ ਹੈ, ਸਗੋਂ ਇਸ ਭਾਈਚਾਰੇ ਨੂੰ ਆਤਮ-ਨਿਰਭਰਤਾ ਵੱਲ ਵੀ ਲੈ ਕੇ ਜਾ ਰਹੀ ਹੈ।
ISS 'ਤੇ ਪੈਰ ਰੱਖਣ ਵਾਲੇ ਪਹਿਲੇ ਭਾਰਤੀ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਮਿਲਿਆ ਅਸ਼ੋਕ ਚੱਕਰ
NEXT STORY